ਫਗਵਾੜਾ ( ਫਗਵਾੜਾ ਦੇ ਸੰਘਣੀ ਵਸੋਂ ਵਾਲੇ ਮੁਹੱਲਾ ਕੌੜਿਆਂ ‘ਚ ਅੱਜ ਰਾਤ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਲਾਕੇ ‘ਚ ਮੌਜੂਦ ਇੱਕ ਘਰ ‘ਚ ਅਚਾਨਕ ਅੱਗ ਲੱਗ ਗਈ। ਵਾਪਰੇ ਅਗਨੀਕਾਂਡ ਦੌਰਾਨ ਘਰ ‘ਚ ਪਿਆ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਘਰ ਦੇ ਮਾਲਕ ਨੂੰ ਵੀ ਗੰਭੀਰ ਸੱਟਾਂ ਆਈਆਂ ਦੱਸੀਆਂ ਜਾਂਦੀਆਂ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਗਨੀਕਾਂਡ ਦਾ ਸ਼ਿਕਾਰ ਹੋਏ ਡਾ. ਜੋਗਿੰਦਰ ਪਾਲ ਸ਼ਰਮਾ ਨੇ ਨਗਰ ਨਿਗਮ ਫਗਵਾੜਾ ਦੇ ਮੇਅਰ ਰਾਮਪਾਲ ਉੱਪਲ ਦੀ ਮੌਜੂਦਗੀ ‘ਚ ਦੱਸਿਆ ਕਿ ਅੱਗ ਘਰ ਦੇ ਮੰਦਰ ਤੋਂ ਲੱਗੀ ਜਾਪ ਰਹੀ ਹੈ। ਉਹਨਾਂ ਦੱਸਿਆ ਕਿ ਅੱਜ ਸ਼ਾਮ ਉਹਨਾਂ ਦੇ ਪੁੱਤਰ ਨੂਤਨ ਸ਼ਰਮਾ ਨੇ ਮੰਦਰ ‘ਚ ਰੋਜ਼ ਦੀ ਤਰ੍ਹਾਂ ਪੂਜਾ ਪਾਠ ਕਰਕੇ ਜੋਤ ਕੀਤੀ ਸੀ। ਇਸ ਤੋਂ ਕੁਝ ਸਮਾਂ ਬਾਅਦ ਉਹਨਾਂ ਦੀ ਪੋਤੀ ਨੇ ਆਪਣੇ ਪਿਤਾ ਨੂਤਨ ਸ਼ਰਮਾ ਨੂੰ ਦੱਸਿਆ ਕਿ ਘਰ ਦੇ ਮੰਦਰ ਵਾਲੇ ਕਮਰੇ ਤੋਂ ਧੂੰਆਂ ਉੱਠ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਘਰ ‘ਚ ਲੱਗੀ ਅੱਗ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਵਲੋਂ ਇਸ ਦੀ ਸੂਚਨਾ ਫਗਵਾੜਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

