ਨੂਰਪੁਰਬੇਦੀ-ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਥਿਤ ਪੁਲਸ ਚੌਂਕੀ ਕਲਵਾਂ ਨੇੜੇ ਘਰੇਲੂ ਗੈਸ ਦੇ ਸਿਲੰਡਰਾਂ ਨਾਲ ਲੱਦੀ ਇਕ ਮਹਿੰਦਰਾ ਪਿਕਅੱਪ ਗੱਡੀ ਅਚਾਨਕ ਓਵਰਟੇਕ ਕਰ ਰਹੀ ਇਕ ਸਕਾਰਪੀਓ ਗੱਡੀ ਦੀ ਫੇਟ ਵੱਜਣ ’ਤੇ ਸੜਕ ਕਿਨਾਰੇ ਖੇਤਾਂ ’ਚ ਪਲਟ ਗਈ। ਇਸ ਦੌਰਾਨ ਭਾਵੇਂ ਸਿਲੰਡਰਾਂ ਦੇ ਸੁਰੱਖਿਅਤ ਰਹਿਣ ਕਾਰਨ ਕਿਸੇ ਤਰ੍ਹਾਂ ਦਾ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਪਰ ਗੈਸ ਏਜੰਸੀ ਦੀ ਗੱਡੀ ਦੇ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।
ਇਸ ਸਬੰਧੀ ਪੁਲਸ ਚੌਂਕੀ ਕਲਵਾਂ ਦੇ ਇੰਚਾਰਜ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਨੂਰਪੁਰਬੇਦੀ ਸਥਿਤ ਜੈ ਹਿੰਦ ਭਾਰਤ ਗੈਸ ਏਜੰਸੀ ਦੀ ਇਕ ਮਹਿੰਦਰਾ ਪਿਕਅੱਪ ਗੱਡੀ ਨੇੜਲੇ ਪਿੰਡ ਕਾਹਨਪੁਰ ਖੂਹੀ ਸਥਿਤ ਗੌਦਾਮ ਤੋਂ ਘਰੇਲੂ ਗੈਸ ਦੇ ਸਿਲੰਡਰ ਲੱਦ ਕੇ ਖ਼ਪਤਕਾਰਾਂ ਨੂੰ ਡਿਲਿਵਰੀ ਦੇਣ ਲਈ ਨੂਰਪੁਰਬੇਦੀ ਦੀ ਤਰਫ਼ ਜਾ ਰਹੀ ਸੀ।
ਜਿਸ ਦੇ ਚਾਲਕ ਤਰਸੇਮ ਲਾਲ ਅਨੁਸਾਰ ਕਿਸੀ ਸਕਾਰਪੀਓ ਗੱਡੀ ਦੇ ਚਾਲਕ ਨੇ ਓਵਰਟੇਕ ਕਰਦੇ ਸਮੇਂ ਉਕਤ ਘਰੇਲੂ ਗੈਸ ਸਿਲੰਡਰਾਂ ਨਾਲ ਲੱਦੀ ਮਹਿੰਦਰਾ ਪਿਕਅੱਪ ਗੱਡੀ ਨੂੰ ਫੇਟ ਮਾਰ ਦਿੱਤੀ, ਜੋ ਅਚਾਨਕ ਪਿੰਡ ਕਲਵਾਂ ਲਾਗੇ ਅਸੰਤੁਲਿਤ ਹੋ ਕੇ ਸੜਕ ਕਿਨਾਰੇ ਖੇਤਾਂ ’ਚ ਪਲਟ ਗਈ। ਉਕਤ ਗੱਡੀ ’ਚ ਕਰੀਬ 55 ਭਰੇ ਹੋਏ ਘਰੇਲੂ ਗੈਸ ਦੇ ਸਿਲੰਡਰ ਲੱਦੇ ਹੋਏ ਸਨ, ਜੋ ਦੁਰਘਟਨਾ ਉਪਰੰਤ ਸੁਰੱਖਿਅਤ ਪਾਏ ਜਾਣ ਕਾਰਨ ਕਿਸੇ ਤਰ੍ਹਾਂ ਦਾ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।