ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਪੇਂਚਾਵਾਲੀ ‘ਚ ਸ੍ਰੀ ਗੁਰਦੁਆਰਾ ਸਾਹਿਬ ‘ਚ ਲੈਂਟਰ ਪਾਇਆ ਜਾ ਰਿਹਾ ਸੀ ਕਿ ਅਚਾਨਕ ਵੱਡਾ ਹਾਦਸਾ ਵਾਪਰ ਗਿਆ। ਲੈਂਟਰ ਦੀ ਸਪੋਰਟ ਟੁੱਟਣ ਕਾਰਨ ਲੈਂਟਰ ਹੇਠਾਂ ਡਿੱਗ ਗਿਆ। ਇਸ ਹਾਦਸੇ ਦੌਰਾਨ ਮੌਕੇ ‘ਤੇ ਕੰਮ ਕਰ ਰਹੇ ਰਾਜ ਮਿਸਤਰੀ ਦੀ ਮੌਤ ਹੋ ਗਈ, ਜਦੋਂ ਕਿ 2 ਮਜ਼ਦੂਰ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਗੁਰਚਰਨ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਪੇਂਚਾਵਾਲੀ ‘ਚ ਗੁਰਦੁਆਰਾ ਸਾਹਿਬ ‘ਚ ਲੈਂਟਰ ਪਾਇਆ ਜਾ ਰਿਹਾ ਸੀ।
ਪਹਿਲਾਂ ਬਰਸਾਤ ਹੋਣ ਲੱਗੀ, ਜਿਸ ਕਾਰਨ ਕੁੱਝ ਸਮੇਂ ਲਈ ਕੰਮ ਰੋਕ ਦਿੱਤਾ ਗਿਆ। ਬਰਸਾਤ ਰੁਕਣ ਤੋਂ ਬਾਅਦ ਲੈਂਟਰ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਦੇਰ ਸ਼ਾਮ ਤੱਕ ਲੈਂਟਰ ਪਾਉਣ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਹੇਠਾਂ ਤੋਂ ਸਪੋਰਟ ਟੁੱਟ ਗਈ ਅਤੇ ਲੈਂਟਰ ਡਿੱਗ ਗਿਆ।
ਇਸ ਕਾਰਨ 2 ਮਜ਼ਦੂਰ ਜ਼ਖਮੀ ਹੋ ਗਏ। ਗੁਰਦੁਆਰਾ ਸਾਹਿਬ ‘ਚ ਰਾਜ ਮਿਸਤਰੀ ਦਾ ਕੰਮ ਕਰ ਰਿਹਾ ਮਹਿੰਦਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਉਨ੍ਹਾਂ ਨੇ ਸਰਕਾਰੀ ਹਸਪਤਾਲ ‘ਚ ਇਲਾਜ ਨਾ ਮਿਲਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਮਹਿੰਦਰ ਸਿੰਘ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਪਿੰਡ ‘ਚ ਸੋਗ ਦਾ ਮਾਹੌਲ ਛਾ ਗਿਆ ਹੈ।

