ਘੱਗਾ : ਸ਼ਹੀਦੀ ਜੋੜ ਮੇਲ ਫਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਲਾਏ ਜਾਣ ਵਾਲੇ ਲੰਗਰ ਦੀ ਤਿਆਰੀ ’ਚ ਜੁਟੇ ਸੇਵਾਦਾਰ ਸਤਵਿੰਦਰ ਸਿੰਘ ਉਰਫ ਹਨੀ (31) ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬੂਟਾ ਸੁੰਘ ਵਾਲਾ ਦੀ ਅੱਜ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਬੂਟਾ ਸਿੰਘ ਵਾਲਾ ਦੀ ਸੰਗਤ ਵੱਲੋਂ ਹਰ ਸਾਲ ਵਾਂਗ ਸ਼ਹੀਦੀ ਸਭਾ ਦੇ ਯਾਤਰੀਆਂ ਲਈ ਲੰਗਰ ਲਾਏ ਜਾਣ ਦੀ ਤਿਆਰੀ ਦੌਰਾਨ ਘੱਗਾ-ਸਮਾਣਾ ਮੇਨ ਰੋਡ ’ਤੇ ਸਥਿਤ ਪਿੰਡ ਬੂਟਾ ਸਿੰਘ ਵਾਲਾ ਰੋਡ ਨਜ਼ਦੀਕ ਲੰਗਰ ਦੇ ਬਾਹਰ ਝੰਡੇ ਲਾਉਣ ਦੀ ਸੇਵਾ ਨਿਭਾਏ ਜਾ ਰਹੀ ਸੀ।
ਇਸ ਦੌਰਾਨ ਸਤਵਿੰਦਰ ਸਿੰਘ ਹਨੀ ਨੂੰ ਅਚਾਨਕ ਬਿਜਲੀ ਦੀਆਂ ਲੰਘਦੀਆਂ ਤਾਰਾਂ ਤੋਂ ਕਰੰਟ ਲੱਗ ਗਿਆ। ਭਾਵੇਂ ਤੁਰੰਤ ਪੀੜਤ ਨੂੰ ਇਲਾਜ ਲਈ ਸਮਾਣਾ ਦੇ ਹਸਪਤਾਲ ਲਿਜਾਇਆ ਗਿਆ ਪਰ ਕਰੰਟ ਦੀ ਮਾਰ ਸਤਵਿੰਦਰ ਸਿੰਘ ਦੀ ਮੌਤ ਦਾ ਕਾਰਨ ਬਣੀ। ਸਤਵਿੰਦਰ ਸਿੰਘ ਹਨੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਆਪਣੇ ਪਿੱਛੇ ਪਤਨੀ ਤੇ ਇਕ ਛੋਟਾ ਬੱਚਾ ਛੱਡ ਗਿਆ ਹੈ। ਮ੍ਰਿਤਕ ਦੇ ਪਿਤਾ ਸਮਾਜ-ਸੇਵੀ ਮੇਜਰ ਸਿੰਘ ਬੂਟਾ ਸਿੰਘ ਵਾਲਾ ਨਾਲ ਇਲਾਕੇ ਦੇ ਲੋਕ ਸ਼ੋਕ ਪ੍ਰਗਟਾ ਰਹੇ ਹਨ।