ਕਰਾਚੀ/ਪਾਕਿਸਤਾਨ – ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਨੈਸ਼ਨਲ ਹਾਈਵੇ ‘ਤੇ ਇਕ ਬੱਸ ਦੇ ਟਰਾਲੇ ਨਾਲ ਟਕਰਾ ਜਾਣ ਕਾਰਨ ਇਕ ਹੀ ਪਰਿਵਾਰ ਦੇ 8 ਮੈਂਬਰਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਹੈਦਰਾਬਾਦ ਸੂਬੇ ਦੇ ਡਿਪਟੀ ਕਮਿਸ਼ਨਰ ਅਰਸਲਾਨ ਸਲੀਮ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਰਾਤ ਮੋਰੋ ਨੇੜੇ ਵਾਪਰਿਆ, ਜਦੋਂ ਬੱਸ ਹੈਦਰਾਬਾਦ ਤੋਂ ਬਰਾਤੀਆਂ ਨੂੰ ਲੈ ਕੇ ਵਾਪਸ ਆ ਰਹੀ ਸੀ। ਇਸ ਹਾਦਸੇ ਵਿਚ 20 ਵਿਚੋਂ 12 ਬਰਾਤੀ ਮਾਰੇ ਗਏ।
ਹਾਦਸੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋਈ ਇਕ ਕੁੜੀ ਨੇ ਮੰਗਲਵਾਰ ਸਵੇਰੇ ਕਰਾਚੀ ਦੇ ਇਕ ਹਸਪਤਾਲ ‘ਚ ਦਮ ਤੋੜ ਦਿੱਤਾ। ਸਲੀਮ ਨੇ ਦੱਸਿਆ ਕਿ ਮਰਨ ਵਾਲੇ 8 ਲੋਕ ਇਕ ਨਾਮਵਰ ਡਾਕਟਰ ਦੇ ਪਰਿਵਾਰ ਤੋਂ ਸਨ। ਮੋਰੋ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 5 ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਨਵਾਬਸ਼ਾਹ ਅਤੇ ਕਰਾਚੀ ਲਿਜਾਇਆ ਗਿਆ ਹੈ। ਬੱਸ ਨੂੰ ਟੱਕਰ ਮਾਰਨ ਵਾਲੇ ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।