ਇੰਟਰਨੈਸ਼ਨਲ – ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਪੁਲਸ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਪਾਬੰਦੀਸ਼ੁਦਾ ਜਥੇਬੰਦੀਆਂ ਨਾਲ ਸਬੰਧਤ 21 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (CTD) ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਸੂਬੇ ਭਰ ਵਿੱਚ ਚਲਾਏ ਗਏ 200 ਤੋਂ ਵੱਧ ਖ਼ੁਫ਼ੀਆ ਆਪਰੇਸ਼ਨਾਂ ਦੌਰਾਨ ਕੀਤੀਆਂ ਗਈਆਂ ਹਨ।
ਗ੍ਰਿਫ਼ਤਾਰ ਕੀਤੇ ਗਏ ਜ਼ਿਆਦਾਤਰ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਕੁਝ ਮੈਂਬਰ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਅਤੇ ਹੋਰ ਕੱਟੜਪੰਥੀ ਜਥੇਬੰਦੀਆਂ ਦੇ ਵੀ ਹਨ। ਲਾਹੌਰ ਤੋਂ ਟੀ.ਟੀ.ਪੀ. ਦੇ ਖ਼ਤਰਨਾਕ ਅੱਤਵਾਦੀ ਪੀਰ ਸ਼ਮਸ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਬੀ.ਐੱਲ.ਏ. ਦੇ ਅਬਦੁਲ ਲਤੀਫ ਨੂੰ ਟੋਬਾ ਟੇਕ ਸਿੰਘ ਤੋਂ ਧਮਾਕਾਖੇਜ਼ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ 6,330 ਗ੍ਰਾਮ ਵਿਸਫੋਟਕ, 17 ਡੈਟੋਨੇਟਰ, 39 ਫੁੱਟ ਸੇਫਟੀ ਫਿਊਜ਼ ਵਾਇਰ, ਇੱਕ ਆਈ.ਈ.ਡੀ. ਅਤੇ ਪਾਬੰਦੀਸ਼ੁਦਾ ਕਿਤਾਬਾਂ ਬਰਾਮਦ ਕੀਤੀਆਂ ਹਨ।

