ਜਲੰਧਰ —ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨਾਤਮਕ ਕਾਰਵਾਈ ਕਮੇਟੀ ਨੇ ਇਕ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਕਰਤਾਰਪੁਰ ਬਲਾਕ ਕਾਂਗਰਸ-2 ਦੇ ਪ੍ਰਧਾਨ ਜ਼ੋਰਾਵਰ ਸਿੰਘ ਸੋਢੀ ਨੂੰ ਪਾਰਟੀ ਵਿਚੋਂ 6 ਸਾਲਾਂ ਲਈ ਕੱਢ ਦਿੱਤਾ ਹੈ। ਇਸ ਸਬੰਧੀ ਅਨੁਸ਼ਾਸਨਾਤਮਕ ਐਕਸ਼ਨ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਦੱਸਿਆ ਕਿ ਉਨ੍ਹਾਂ ਨੂੰ 4 ਜੁਲਾਈ 2025 ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਲਕਾ ਇੰਚਾਰਜ ਕਰਤਾਰਪੁਰ ਰਾਜਿੰਦਰ ਸਿੰਘ ਵੱਲੋਂ ਭੇਜੀ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਬਲਾਕ ਕਾਂਗਰਸ ਪ੍ਰਧਾਨ ਜ਼ੋਰਾਵਰ ਸਿੰਘ ਸੋਢੀ ਖ਼ਿਲਾਫ਼ ਡਕੈਤੀ ਵਰਗਾ ਗੰਭੀਰ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਅਤੇ ਪੁਲਸ ਨੇ ਉਸ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਅਵਤਾਰ ਹੈਨਰੀ ਨੇ ਦੱਸਿਆ ਕਿ ਪਾਰਟੀ ਨੇ ਸ਼ਿਕਾਇਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਅਨੁਸ਼ਾਸਿਤ ਅਤੇ ਪਾਰਦਰਸ਼ੀ ਸਿਆਸੀ ਸੰਗਠਨ ਹੈ, ਜੋ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਪ੍ਰਵਿਰਤੀ ਅਤੇ ਗੈਰ-ਸਮਾਜੀ ਸਰਗਰਮੀ ਨੂੰ ਬਰਦਾਸ਼ਤ ਨਹੀਂ ਕਰਦੀ। ਪਾਰਟੀ ਦੇ ਅਕਸ ਨੂੰ ਸਾਫ਼-ਸੁਥਰਾ ਬਣਾਈ ਰੱਖਣਾ ਹਰ ਵਰਕਰ ਦੀ ਜ਼ਿੰਮੇਵਾਰੀ ਹੈ। ਇਸ ਮਾਮਲੇ ਵਿਚ ਜ਼ੋਰਾਵਰ ਸਿੰਘ ਵੱਲੋਂ ਅਪਣਾਇਆ ਗਿਆ ਆਚਰਨ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਹੈ।