ਜਲੰਧਰ –ਕਾਂਗਰਸ ਦੇ ਯੁਵਰਾਜ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਸੁਫਨੇ ਨੇ ਯੂਥ ਕਾਂਗਰਸ ਨੂੰ ਹਾਸ਼ੀਏ ’ਤੇ ਪਹੁੰਚਾ ਦਿੱਤਾ ਹੈ ਅਤੇ ਅੱਜ ਯੂਥ ਕਾਂਗਰਸ ’ਚ ਹਰੇਕ ਪੱਧਰ ’ਤੇ ਇੰਨੀ ਅਨੁਸ਼ਾਸਨਹੀਣਤਾ ਪੈਦਾ ਹੋ ਚੁੱਕੀ ਹੈ ਕਿ ਵਰਕਰ ਤਾਂ ਦੂਰ ਯੂਥ ਕਾਂਗਰਸ ਦੇ ਸੂਬਾਈ ਅਹੁਦੇਦਾਰ, ਜ਼ਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ ਤਕ ਪਾਰਟੀ ਪ੍ਰੋਗਰਾਮਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਨ ਅਤੇ ਅਨੁਸ਼ਾਸਨ ਦੀਆਂ ਧੱਜੀਆਂ ਉਡਾਉਣ ’ਚ ਜੁਟੇ ਹੋਏ ਹਨ।
ਜ਼ਿਕਰਯੋਗ ਹੈ ਕਿ ਬੀਤੀ 20 ਫਰਵਰੀ ਨੂੰ ਚੰਡੀਗੜ੍ਹ ’ਚ ਪੰਜਾਬ ਯੂਥ ਕਾਂਗਰਸ ਵੱਲੋਂ ਉਦੈ ਭਾਨੂ ਚਿਬ ਦੀ ਪਹਿਲੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਪਰ ਪੰਜਾਬ ’ਚ ਸੂਬਾਈ ਯੂਥ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਦੀ ਕਮਜ਼ੋਰ ਲੀਡਰਸ਼ਿਪ ਅਤੇ ਲਗਭਗ ਡੁੱਬ ਚੁੱਕੀ ਯੂਥ ਕਾਂਗਰਸ ਦੀ ਬੇੜੀ ਨੇ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਅਹੁਦੇਦਾਰਾਂ ਦੀ ਗੈਰ-ਹਾਜ਼ਰੀ ਨੇ ਕਮਜ਼ੋਰ ਲੀਡਰਸ਼ਿਪ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਉਦੈ ਭਾਨੂੰ ਚਿਬ ਦੀ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਅਹੁਦੇਦਾਰਾਂ ਦੀ ਘੱਟ ਹਾਜ਼ਰੀ ਨੂੰ ਵੇਖ ਆਲ ਇੰਡੀਆ ਯੂਥ ਕਾਂਗਰਸ ਦੇ ਹੱਥ-ਪੈਰ ਫੁੱਲ ਗਏ ਹਨ। ਹੁਣ ਯੂਥ ਕਾਂਗਰਸ ’ਚ ਹਰ ਵਾਰ ਵਾਂਗ ਸੱਪ ਨਿਕਲਣ ਤੋਂ ਬਾਅਦ ਲਕੀਰ ਕੁੱਟਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਰਿਸ਼ੇਂਦਰ ਸਿੰਘ ਮਹਾਰ ਨੇ ਪਹਿਲੀ ਕਾਰਜਕਾਰਨੀ ਮੀਟਿੰਗ ’ਚ ਗੈਰ-ਹਾਜ਼ਰ ਰਹੇ ਅਹੁਦੇਦਾਰਾਂ ਨੂੰ ਧੜਾਧੜ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਨੂੰ 24 ਘੰਟਿਆਂ ’ਚ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਮਹਾਰ ਨੇ ਨੋਟਿਸ ’ਚ ਕਿਹਾ ਕਿ ਜੇਕਰ ਕੋਈ ਅਹੁਦੇਦਾਰ 24 ਘੰਟਿਆਂ ਅੰਦਰ ਆਪਣੀ ਗੈਰ-ਹਾਜ਼ਰੀ ਦਾ ਕੋਈ ਜਾਇਜ਼ ਕਾਰਨ ਸਾਡੇ ਨਾਲ ਸਾਂਝਾ ਨਹੀਂ ਕਰਦਾ ਹੈ ਤਾਂ ਪਾਰਟੀ ਦੇ ਸਿਧਾਂਤਾਂ ਅਨੁਸਾਰ ਉਸ ਵਿਰੁੱਧ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾਵੇਗਾ।