ਨਵੀਂ ਦਿੱਲੀ/ ਬੀਜਿੰਗ – ਭਾਰਤ ਨੇ ਚੀਨ ਦੇ ਸਮਾਚਾਰ ਸੰਗਠਨਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਚੀਨੀ ਸਮਾਚਾਰ ਸੰਗਠਨਾਂ ਗਲੋਬਲ ਟਾਈਮਜ਼ ਅਤੇ ਸ਼ਿਨਹੂਆ ਦੇ ‘ਐਕਸ’ ਅਕਾਊਂਟ ਬੁੱਧਵਾਰ ਨੂੰ ਇਹ ਲਿਖਿਆ ਦੇਖਿਆ ਗਿਆ ਕਿ ਇਕ ਕਾਨੂੰਨੀ ਬੇਨਤੀ ‘ਤੇ ਭਾਰਤ ਵਿੱਚ ਇਨ੍ਹਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਲਈ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਈਮੇਲ ਕੀਤਾ ਗਿਆ ਪਰ ਕੋਈ ਤੁਰੰਤ ਜਵਾਬ ਨਹੀਂ ਮਿਲਿਆ।
ਇਹ ਘਟਨਾਕ੍ਰਮ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਵਾਂ ਦਾ ਐਲਾਨ ਕਰਨ ਦੇ ਪਿਛੋਕੜ ਵਿੱਚ ਆਇਆ ਹੈ, ਜਿਸ ਨੂੰ ਗੁਆਂਢੀ ਦੇਸ਼ ਤਿੱਬਤ ਦਾ ਦੱਖਣੀ ਹਿੱਸਾ ਹੋਣ ਦਾ ਦਾਅਵਾ ਕਰਦਾ ਹੈ। ਭਾਰਤ ਨੇ ਬੁੱਧਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਕੁਝ ਥਾਵਾਂ ਦੇ ਨਾਮ ਬਦਲਣ ਦੇ ਚੀਨ ਦੇ ਕਦਮ ਨੂੰ “ਵਿਅਰਥ ਅਤੇ ਬੇਤੁਕਾ” ਦੱਸਦਿਆਂ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਜਿਹੇ ਯਤਨ ਇਸ “ਅਸਵੀਕਾਰਯੋਗ” ਹਕੀਕਤ ਨੂੰ ਨਹੀਂ ਬਦਲਣਗੇ ਕਿ ਰਾਜ “ਭਾਰਤ ਦਾ ਅਨਿੱਖੜਵਾਂ ਅੰਗ ਸੀ, ਹੈ ਅਤੇ ਰਹੇਗਾ”। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਦੇਖਿਆ ਹੈ ਕਿ ਚੀਨ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਥਾਵਾਂ ਦੇ ਨਾਮ ਬਦਲਣ ਦੀਆਂ ਆਪਣੀਆਂ ਵਿਅਰਥ ਅਤੇ ਬੇਤੁਕੀ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਹੈ।” ਉਨ੍ਹਾਂ ਕਿਹਾ, “ਸਾਡੇ ਸਿਧਾਂਤਕ ਸਟੈਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹਾਂ।”