ਜਲੰਧਰ –ਨਗਰ ਨਿਗਮ ਵਿਚ ਤਬਾਦਲਿਆਂ ਨੂੰ ਲੈ ਕੇ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਨਿਗਮ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਵਿਚ 14 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ, ਜਿਨ੍ਹਾਂ ਵਿਚ 8 ਸੁਪਰਡੈਂਟ, ਇਕ ਸਿਸਟਮ ਮੈਨੇਜਰ, 2 ਜੂਨੀਅਰ ਸਹਾਇਕ ਅਤੇ ਕੁਝ ਕਲਰਕ ਆਦਿ ਸ਼ਾਮਲ ਹਨ। ਇਨ੍ਹਾਂ ਤਬਾਦਲਿਆਂ ਵਿਚ ਸਭ ਤੋਂ ਪ੍ਰਮੁੱਖ ਤਹਿਬਾਜ਼ਾਰੀ ਵਿਭਾਗ ਤੋਂ ਸੁਪਰਡੈਂਟ ਮਨਦੀਪ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਡਾਗ ਕੰਪਾਊਂਡ ਦਾ ਕਾਰਜਭਾਰ ਸੌਂਪਣਾ ਅਤੇ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਨੂੰ ਇਸ਼ਤਿਹਾਰ ਸ਼ਾਖਾ ਦਾ ਚਾਰਜ ਦੇਣਾ ਸ਼ਾਮਲ ਹੈ। ਤਬਾਦਲਿਆਂ ਦੇ ਵਿਰੋਧ ’ਚ ਨਿਗਮ ਨਾਲ ਸਬੰਧਤ ਕਰਮਚਾਰੀ ਯੂਨੀਅਨਾਂ ਨੇ ਨਿਗਮ ਦਫ਼ਤਰ ਵਿਚ ਧਰਨਾ-ਪ੍ਰਦਰਸ਼ਨ ਕੀਤਾ, ਜਿਸ ਨਾਲ ਲਗਭਗ ਡੇਢ ਘੰਟੇ ਤਕ ਨਿਗਮ ਦਾ ਕੰਮਕਾਜ ਰੁਕਿਆ ਰਿਹਾ। ਵਿਰੋਧ ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਤਬਾਦਲਿਆਂ ਨੂੰ ਅਣਉਚਿਤ ਦੱਸਦੇ ਹੋਏ ਕਿਹਾ ਕਿ ਇਹ ਨਿਯਮਾਂ ਖ਼ਿਲਾਫ਼ ਹੈ।
ਧਰਨਾ-ਪ੍ਰਦਰਸ਼ਨ ਦੀ ਖ਼ਬਰ ਮਿਲਦੇ ਹੀ ਮੇਅਰ ਵਿਨੀਤ ਧੀਰ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰ ਕੇ ਗੱਲਬਾਤ ਲਈ ਸੱਦਿਆ। ਯੂਨੀਅਨ ਆਗੂਆਂ ਨੇ ਮੇਅਰ ਨੂੰ ਇਕ ਮੰਗ-ਪੱਤਰ ਸੌਂਪ ਕੇ ਤਬਾਦਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ਵਾਰ ਦੇ ਬਜਟ ਵਿਚ ਮਾਲੀਏ ਵਿਚ ਵਾਧੇ ਦਾ ਟੀਚਾ ਗਲਤ ਢੰਗ ਨਾਲ ਰੱਖਿਆ ਗਿਆ ਹੈ। ਮੇਅਰ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਨਿਗਮ ਕਮਿਸ਼ਨਰ ਨਾਲ ਚਰਚਾ ਕਰ ਕੇ ਉਚਿਤ ਕਦਮ ਚੁੱਕਣਗੇ। ਇਸੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਆਪਣਾ ਧਰਨਾ ਖਤਮ ਕੀਤਾ, ਹਾਲਾਂਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਜੇਕਰ ਤਬਾਦਲਿਆਂ ਨੂੰ ਰੱਦ ਨਾ ਕੀਤਾ ਗਿਆ ਤਾ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।