ਸੋਨੀਪਤ- ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲੀ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਈਡੀ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਨੂੰ ਅੰਬਾਲਾ ਦਫ਼ਤਰ ਲਈ ਲੈ ਕੇ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਗ੍ਰਿਫ਼ਤਾਰੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਗਈ ਹੈ।
ਦੱਸ ਦੇਈਏ ਕਿ 4 ਜਨਵਰੀ ਨੂੰ ਈਡੀ ਦੀ ਟੀਮ ਨੇ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਸੀ। ਈਡੀ ਅਧਿਕਾਰੀ ਆਪਣੇ ਨਾਲ ਵਿਧਾਇਕ ਸੁਰਿੰਦਰ ਪੰਵਾਰ ਦੀ ਰਿਹਾਇਸ਼ ਅਤੇ ਦਫ਼ਤਰ ਤੋਂ ਕੁਝ ਜ਼ਰੂਰੀ ਦਸਤਾਵੇਜ਼ ਲੈ ਗਏ ਸਨ। ਇਹ ਕਾਰਵਾਈ ਨਾਜਾਇਜ਼ ਮਾਈਨਿੰਗ ਸਬੰਧੀ ਕੀਤੀ ਗਈ। ਈਡੀ ਨੂੰ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਮਿਲ ਰਹੀ ਸੀ, ਜਿਸ ਨੂੰ ਲੈ ਕੇ ਈਡੀ ਦੀ ਟੀਮ ਨੇ ਕਾਂਗਰਸੀ ਵਿਧਾਇਕ ਸੁਰਿੰਦਰ ਪੰਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਛਾਪਾ ਮਾਰਿਆ ਸੀ।
ਇਸ ਦੌਰਾਨ ਈਡੀ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਈਡੀ ਦੀ ਟੀਮ ਜਾਂਚ ਪੂਰੀ ਕਰਕੇ ਵਾਪਸ ਚਲੀ ਗਈ ਸੀ। ਦੱਸ ਦੇਈਏ ਕਿ ਈਡੀ ਦੀ ਟੀਮ ਨੇ ਯਮੁਨਾਨਗਰ ਵਿਚ ਨਾਜਾਇਜ਼ ਮਾਈਨਿੰਗ ਨਾਲ ਸਬੰਧਤ ਹਰਿਆਣਾ ਦੇ ਯਮੁਨਾਨਗਰ, ਸੋਨੀਪਤ ਅਤੇ ਕਰਨਾਲ ਖੇਤਰ ‘ਚ ਛਾਪੇਮਾਰੀ ਕੀਤੀ ਸੀ।