ਜਲੰਧਰ – ਜੇਕਰ ਤੁਸੀਂ 6, 7 ਅਤੇ 8 ਜਨਵਰੀ ਨੂੰ ਕਿਤੇ ਘੁੰਮਣ ਲਈ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋਵੇਗੀ। ਦਰਅਸਲ ਸੂਬੇ ਵਿਚ 3 ਦਿਨਾਂ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿਣ ਵਾਲਾ ਹੈ ਅਤੇ 6, 7 ਅਤੇ 8 ਜਨਵਰੀ ਨੂੰ ਸੂਬੇ ਵਿਚ ਪੀ. ਆਰ. ਟੀ. ਸੀ. ਅਤੇ ਪਨਬਸ ਬੱਸਾਂ ਨਹੀਂ ਚੱਲਣਗੀਆਂ। ਆਪਣੀ ਮੰਗਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਅਤੇ ਪਨਬਸ ਮੁਲਾਜ਼ਮ ਯੂਨੀਅਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਕਰਕੇ6, 7 ਅਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਪਨਬਸ-ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬੀਤੇ ਮਹੀਨੇ ਪੰਜਾਬ ਭਰ ਵਿਚ ਮੰਤਰੀਆਂ ਨੂੰ ਮੰਗ-ਪੱਤਰ ਸੌਂਪ ਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਗਈ ਸੀ। ਕੈਬਨਿਟ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਵਫ਼ਦ ਦੀ ਅਗਵਾਈ ਪ੍ਰਧਾਨ ਬਿਕਰਮਜੀਤ ਸਿੰਘ, ਸਤਪਾਲ ਸਿੰਘ ਸੱਤਾ, ਜਸਬੀਰ ਸਿੰਘ, ਅਨੂਪ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਅਤੇ ਸੀਨੀਅਰ ਆਗੂ ਚਾਨਣ ਸਿੰਘ ਚੰਨਾ ਨੇ ਕੀਤੀ ਸੀ। ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰਾ ਭਗਤ ਨੂੰ ਮੰਗ-ਪੱਤਰ ਸੌਂਪਿਆ ਅਤੇ ਯੂਨੀਅਨ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ ਸੀ। ।ਬਿਕਰਮਜੀਤ ਸਿੰਘ, ਸਤਪਾਲ ਸਿੰਘ ਸੱਤਾ ਅਤੇ ਚੰਨਣ ਸਿੰਘ ਚੰਨਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ’ਚ ਹੋ ਰਹੀ ਦੇਰੀ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਬਿਗੁਲ ਵਜਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।