ਚੰਡੀਗੜ੍ਹ : ਸੂਬੇ ਦੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਪੁਲਸ, ਹਥਿਆਰਬੰਦ ਬਲਾਂ ਅਤੇ ਸੀ. ਏ. ਪੀ. ਐੱਫ. ਵਿਚ ਰੁਜ਼ਗਾਰ ਦੇ ਸਮਰੱਥ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿਚ ਸੀ-ਪਾਈਟ ਕੈਂਪ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਫ਼ੈਸਲਾ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਸੈਂਟਰ ਆਫ਼ ਇੰਪਲਾਇਮੈਂਟ ਜੈਨਰੇਸ਼ਨ ਐਂਡ ਟਰੇਨਿੰਗ ਦੇ ਕਾਰਜਕਾਰੀ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ। ਮੌਜੂਦਾ ਸਮੇਂ ਪੰਜਾਬ ਵਿਚ 14 ਸੀ-ਪਾਈਟ ਕੈਂਪ ਚੱਲ ਰਹੇ ਹਨ ਅਤੇ ਪਠਾਨਕੋਟ ਜ਼ਿਲ੍ਹੇ ਦੇ ਤੰਗੋ ਸ਼ਾਹ ਵਿਖੇ ਇਕ ਨਵਾਂ ਕੈਂਪ ਬਣਾਇਆ ਜਾਵੇਗਾ, ਜਿਸ ਲਈ 5.5 ਏਕੜ ਜ਼ਮੀਨ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀ-ਪਾਈਟ ਕੈਂਪਾਂ ਵਿਚ ਹੁਣ ਤੱਕ 2,57,595 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ 1,14,861 ਨੌਜਵਾਨਾਂ ਨੂੰ ਰੁਜ਼ਗਾਰ ਮਿਲ ਚੁੱਕਾ ਹੈ। ਕਾਰਜਕਾਰੀ ਬੋਰਡ ਵੱਲੋਂ ਸੀ-ਪਾਈਟ ਦੇ ਸਿਲੇਬਸ ਵਿਚ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ.ਐੱਸ. ਡੀ. ਸੀ.) ਪ੍ਰਮਾਣਿਤ ਸੁਰੱਖਿਆ ਗਾਰਡ ਸਿਖਲਾਈ ਦੀ ਸ਼ੁਰੂਆਤ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸਿਖਲਾਈ ਟਰੇਨਿੰਗ ਪਾਰਟਨਰ ਰਾਹੀਂ ਦਿੱਤੀ ਜਾਵੇਗੀ ਅਤੇ ਸੀ-ਪਾਈਟ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਪਲੇਸਮੈਂਟ ਲਈ ਪੈਸਕੋ ਨਾਲ ਸਮਝੌਤਾ ਵੀ ਕੀਤਾ ਜਾਵੇਗਾ।
ਇਸ ਮੀਟਿੰਗ ਵਿਚ ਲਏ ਗਏ ਇਕ ਹੋਰ ਅਹਿਮ ਫ਼ੈਸਲੇ ਬਾਰੇ ਦੱਸਦਿਆਂ ਅਮਨ ਅਰੋੜਾ ਨੇ ਕਿਹਾ ਕਿ ਸੀ-ਪਾਈਟ ਕੈਂਪਾਂ ਵਿਚ ਪ੍ਰਸਨੈਲਿਟੀ ਡਿਵੈੱਲਪਮੈਂਟ ਅਤੇ ਸਾਫ਼ਟ ਸਕਿੱਲ ਦੀ ਕੋਚਿੰਗ ਵੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਦੀ ਰੁਜ਼ਗਾਰ ਸਮਰੱਥਾ ਨੂੰ ਹੋਰ ਨਿਖਾਰਿਆ ਜਾ ਸਕੇ।