ਨਵੀਂ ਦਿੱਲੀ – ਦੇਸ਼ ‘ਚ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਨੇ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ। LPG ਕੀਮਤਾਂ ‘ਚ ਇਹ ਵਾਧਾ ਉੱਜਵਲਾ ਸਕੀਮ ਅਤੇ ਆਮ ਖਪਤਕਾਰਾਂ ਦੋਵਾਂ ‘ਤੇ ਲਾਗੂ ਹੋਵੇਗਾ। ਭਾਵ ਇਸ ਐਲਾਨ ਤੋਂ ਬਾਅਦ ਉੱਜਵਲਾ ਸਕੀਮ ਤਹਿਤ ਮਿਲਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵਧ ਕੇ 553 ਰੁਪਏ ਹੋ ਜਾਵੇਗੀ ਅਤੇ ਨਾਨ-ਉਜਵਲਾ ਸਕੀਮ ਤਹਿਤ ਮਿਲਣ ਵਾਲੇ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਜਾਵੇਗੀ।
ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਪਹਿਲਾਂ ਹੀ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਸਨ। ਸਿਲੰਡਰ ਦੀਆਂ ਵਧੀਆਂ ਕੀਮਤਾਂ ਦਾ ਸਿੱਧਾ ਅਸਰ ਘਰੇਲੂ ਔਰਤਾਂ ‘ਤੇ ਪਵੇਗਾ, ਕਿਉਂਕਿ ਲਗਭਗ ਹਰ ਘਰ ‘ਚ ਐੱਲ.ਪੀ.ਜੀ. ਸਿਲੰਡਰ ਦੀ ਵਰਤੋਂ ਹੋ ਰਹੀ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਿਸਟ੍ਰੀਬਿਊਸ਼ਨ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਉੱਜਵਲਾ ਸਕੀਮ ਅਤੇ ਜਨਰਲ ਸ਼੍ਰੇਣੀ ਦੇ ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਇਹ ਤਬਦੀਲੀ ਦੋਵਾਂ ਸ਼੍ਰੇਣੀਆਂ ਲਈ ਲਾਗੂ ਕੀਤੀ ਗਈ ਹੈ, ਜਿਸ ਕਾਰਨ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧੀਆਂ ਹਨ।