ਪਟਿਆਲਾ: ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਹਰਮੀਤ ਸਿੰਘ ਪਠਾਣਮਾਜਰਾ ਨੂੰ ਅੱਜ ਸਵੇਰੇ ਪਟਿਆਲਾ ਪੁਲਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ 1 ਸਤੰਬਰ 2025 ਨੂੰ ਜ਼ਬਰ-ਜ਼ਿਨਾਹ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਇਲਜ਼ਾਮਾਂ ਹੇਠ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 376, 420 ਅਤੇ 506 ਤਹਿਤ ਐੱਫਆਈਆਰ ਦਰਜ ਕੀਤੀ ਗਈ।
ਪਠਾਣਮਾਜਰਾ ‘ਤੇ ਜ਼ਬਰ-ਜ਼ਿਨਾਹ ਅਤੇ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ। ਅਪਰਾਧਿਕ ਧਮਕੀਆਂ ਦੇ ਇਲਜ਼ਾਮਾਂ ‘ਤੇ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਪਠਾਣਮਾਜਰਾ ਸਤੰਬਰ 2025 ਤੋਂ ਰੇਪ ਮਾਮਲੇ ਵਿਚ ਫ਼ਰਾਰ ਚੱਲ ਰਹੇ ਸਨ। ਉਸ ਸਮੇਂ ਤੋਂ ਹੀ ਪੁਲਸ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਇੱਕ ਔਰਤ, ਜੋ ਸਾਲ 2013-14 ਵਿੱਚ ਪਠਾਣਮਾਜਰਾ ਦੇ ਸੰਪਰਕ ਵਿੱਚ ਆਈ ਸੀ, ਉਸ ਨੇ ਪਠਾਣਮਾਜਰਾ ‘ਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਦੇ ਸਬੰਧ ਵਿਚ ਉਸ ਨੇ ਕਾਰਵਾਈ ਦੀ ਮੰਗ ਕੀਤੀ।
ਦੱਸ ਦੇਈਏ ਕਿ ਪੁਲਸ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਕੇ ਪਟਿਆਲਾ ਲੈ ਕੇ ਆ ਰਹੀ ਹੈ, ਜਿੱਥੇ ਉਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪਠਾਣਮਾਜਰਾ ਦੀ ਗ੍ਰਿਫਤਾਰੀ ਲਈ ਪਟਿਆਲਾ ਪੁਲਸ ਨੇ 6 ਤੋਂ 7 ਟੀਮਾਂ ਤਿਆਰ ਕਰਕੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਕਈ ਵਾਰ ਉਨ੍ਹਾਂ ਦੀ ਲੋਕੇਸ਼ਨ ਸਾਹਮਣੇ ਆਈ ਪਰ ਹਰ ਵਾਰ ਉਹ ਪੁਲਸ ਦੇ ਹੱਥੋਂ ਨਿਕਲਣ ਵਿੱਚ ਕਾਮਯਾਬ ਰਹੇ। ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਰਾਹੀਂ ਆਪਣਾ ਪੱਖ ਰੱਖਦੇ ਰਹੇ। ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਦੀ ਦੂਜੀ ਪਤਨੀ ਵੱਲੋਂ ਗੰਭੀਰ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਦੇ ਆਧਾਰ ‘ਤੇ ਇਹ ਕੇਸ ਦਰਜ ਕੀਤਾ ਗਿਆ।

