ਜਲੰਧਰ : ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਐੱਸ. ਬੀ. ਐੱਸ. ਨਗਰ ਪੁਲਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਬੀ. ਕੇ. ਆਈ. ਦੇ ਨੈੱਟਵਾਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਨੈੱਟਵਰਕ ਵਿਦੇਸ਼ ‘ਚ ਬੈਠੇ ਹੈਂਡਲਰ ਮੰਨੂ ਅਗਵਾਨ, ਗੋਪੀ ਨਵਾਂਸ਼ਹਿਰੀਆ ਅਤੇ ਜੀਸ਼ਾਨ ਅਖ਼ਤਰ ਵਲੋਂ ਪਾਕਿ-ਆਧਾਰਿਤ ਬੀ. ਕੇ. ਆਈ. ਆਪਰੇਟਿਵ ਹਰਵਿੰਦਰ ਰਿੰਦਾ ਦੇ ਹੁਕਮਾਂ ‘ਤੇ ਚਲਾਇਆ ਜਾ ਰਿਹਾ ਸੀ।
ਰਾਜਸਥਾਨ ਦੇ ਟੋਂਕ ਅਤੇ ਜੈਪੁਰ ਜ਼ਿਲ੍ਹਿਆਂ ਤੋਂ 5 ਆਪਰੇਟਿਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੋਰ ਯੋਜਨਾਬੱਧ ਹਮਲਿਆਂ ਨੂੰ ਸਫ਼ਲਤਾ ਪੂਰਵਕ ਟਾਲ ਦਿੱਤਾ ਗਿਆ ਹੈ। ਇਸ ਮਾਡਿਊਲ ਨੇ ਹਾਲ ਹੀ ‘ਚ ਐੱਸ. ਬੀ. ਐੱਸ. ਨਗਰ ‘ਚ ਇਕ ਸ਼ਰਾਬ ਦੀ ਦੁਕਾਨ ਦੇ ਅੰਦਰ ਹਮਲੇ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਆਜ਼ਾਦੀ ਦਿਹਾੜੇ ‘ਤੇ ਅਜਿਹੇ ਹਮਲਿਆਂ ਦੀ ਕੋਸ਼ਿਸ਼ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਇਸ ਦੌਰਾਨ ਰਿਕਵਰੀ ਲਈ ਲਿਜਾਣ ਦੌਰਾਨ ਇਕ ਵਿਅਕਤੀ ਗੋਲੀਬਾਰੀ ‘ਚ ਜ਼ਖਮੀ ਹੋਇਆ। ਉਸ ਨੇ ਪੁਲਸ ‘ਤੇ ਗੋਲੀਆਂ ਚਲਾਈਆਂ ਅਤੇ ਜਵਾਬੀ ਕਾਰਵਾਈ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਐੱਸ. ਬੀ. ਐੱਸ. ਨਗਰ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਐੱਸ. ਬੀ. ਐੱਸ. ਨਗਰ ਦੇ ਪੁਲਸ ਥਾਣਾ ਨਵਾਂਸ਼ਹਿਰ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।