ਚੰਡੀਗੜ੍ਹ : ਪੰਜਾਬ ਵਿਚ ਅੰਤਰਜਾਤੀ ਵਿਆਹ ਯੋਜਨਾ ਦੇ ਤਹਿਤ ਹੁਣ ਅਰਜ਼ੀ ਦੇਣ ਵਾਲੇ ਜੋੜੇ ਨੂੰ 2.5 ਲੱਖ ਰੁਪਏ ਮਿਲਣਗੇ। ਹੁਣ ਅਰਜ਼ੀਕਰਤਾ ਨੂੰ ਪੇਮੈਂਟ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਉਸ ਨੂੰ ਆਨਲਾਈਨ ਹੀ ਸਹੂਲਤ ਮਿਲੇਗੀ। ਕੇਂਦਰ ਸਰਕਾਰ ਨੇ 2017 ਵਿਚ ਇਸ ਰਾਸ਼ੀ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕੀਤਾ ਸੀ ਪਰ ਪੰਜਾਬ ਨੇ ਹੁਣ ਇਸ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਂਝੀ ਹੈ ਪਰ 2021 ਵਿਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਵਿਚ ਕੋਈ ਫੰਡ ਨਹੀਂ ਮਿਲਿਆ। ਇਸ ਕਾਰਣ ਯੋਜਨਾ ਠੰਡੇ ਬਸਤੇ ਵਿਚ ਹੀ ਰਹਿ ਗਈ।
ਸੂਬੇ ਵਿਚ 2018-19 ਤੋਂ ਹੁਣ ਤਕ (ਦਸੰਬਰ 2024) 3000 ਅਰਜ਼ੀਆਂ ਪੈਂਡਿੰਗ ਹਨ। ਹਰ ਸਾਲ ਲਗਭਗ 500 ਨਵੀਂਆਂ ਅਰਜ਼ੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੀਆਂ ਹਨ ਪਰ ਫੰਡ ਨਾ ਆਉਣ ਕਾਰਣ ਅਰਜ਼ੀ ਦੇਣ ਵਾਲਿਆਂ ਨੂੰ ਦਫ਼ਤਰਾਂ ਵਿਚ ਭਟਕਣਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ 1986-87 ਵਿਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀ। ਉਦੋਂ ਜੋੜੇ ਨੂੰ 15 ਹਜ਼ਾਰ ਰੁਪਏ ਮਿਲਦੇ ਸਨ। 2004 ਵਿਚ ਰਾਸ਼ੀ 50 ਹਜ਼ਾਰ ਹੋ ਗਈ। ਉਧਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦਾ ਕਹਿਣਾ ਹੈ ਪਹਿਲਾਂ ਅਰਜੀਕਰਤਾ ਨੂੰ ਪੋਸਟ ਆਫਿਸ ਵਿਚ ਪੇਮੈਂਟ ਲਈ ਜਾਣਾ ਪੈਂਦਾ ਸੀ ਹੁਣ ਆਨਲਾਈਨ ਸਹੂਲਤ ਮਿਲੇਗੀ। ਜੋ ਵੀ ਅਰਜ਼ੀਆਂ ਪੈਂਡਿੰਗ ਹਨ, ਜਨਵਰੀ 2025 ਵਿਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ।