ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇੱਥੇ ਅਹਿਮ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਅਸੀਂ ਲੋਕਾਂ ਲਈ ਕਾਨੂੰਨ ‘ਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਫਾਇਰ ਐੱਨ. ਓ. ਸੀ ਲਈ ਪਿਛਲੇ ਸਮੇਂ ਦੌਰਾਨ ਰਾਜਪਾਲ ਵਲੋਂ ਨਿਯਮਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੈਬਨਿਟ ਨੇ ਵੀ ਇਸ ਦੀ ਮਨਜ਼ੂਰੀ ਦੇ ਦਿੱਤੀ।
ਮੰਤਰੀ ਸੌਂਦ ਨੇ ਕਿਹਾ ਕਿ ਜੇਕਰ ਇਸ ਦੀਆਂ ਵਿਸ਼ੇਸ਼ਤਾਵਾਂ ਵੱਲ ਧਿਆਨ ਮਾਰੀਏ ਤਾਂ ਜਿਹੜੀ ਅੱਗ ਬੁਝਾਊ (ਫਾਇਰ) ਐੱਨ. ਓ. ਸੀ. ਹਰ ਸਾਲ ਲੈਣੀ ਪੈਂਦੀ ਸੀ, ਹੁਣ ਇਸ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਨੇ ਇਸ ਨੂੰ 3 ਸ਼੍ਰੇਣੀਆਂ ‘ਚ ਵੰਡ ਦਿੱਤਾ ਹੈ। ਪਹਿਲੀ ਸ਼੍ਰੇਣੀ ‘ਚ ਐੱਨ. ਓ. ਸੀ. 5 ਸਾਲ, ਦੂਜੀ ਸ਼੍ਰੇਣੀ ‘ਚ ਐੱਨ. ਓ. ਸੀ. 3 ਸਾਲ ਅਤੇ ਤੀਜੀ ਸ਼੍ਰੇਣੀ ‘ਚ ਐੱਨ. ਓ. ਸੀ. ਲਈ ਇਕ ਸਾਲ ਦੀ ਮਾਨਤਾ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚੋਂ ਲਾਲ ਫੀਤਾਸ਼ਾਹੀ ਕਲਚਰ ਖ਼ਤਮ ਕਰ ਦਿੱਤਾ ਗਿਆ ਹੈ। ਪਹਿਲਾਂ ਪਾਣੀ ਜਾਂ ਰੇਤਾ ਨਾਲ ਅੱਗ ਬੁਝਾਈ ਜਾ ਸਕਦੀ ਸੀ, ਹੁਣ ਯੁੱਗ ਐਡਵਾਂਸ ਹੋ ਗਿਆ ਹੈ ਅਤੇ ਆਧੁਨਿਕ ਯੰਤਰ ਆ ਗਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਫਾਇਰ ਨਾਲ ਸਬੰਧਿਤ ਆਰਕੀਟੈਕਟ ਬਿਲਡਿੰਗ ਦਾ ਪਲਾਨ ਬਣਾਉਂਦਾ ਸੀ ਤਾਂ ਬਜ਼ਾਰ ‘ਚ ਜਾ ਕੇ ਫਿਰ ਸਰਕਾਰ ਦੇ ਰਾਹੀਂ ਸਕੀਮਾਂ ਨੂੰ ਪਾਸ ਕਰਵਾਉਣਾ ਪੈਂਦਾ ਸੀ ਪਰ ਹੁਣ ਜਿਹੜੇ ਆਰਕੀਟੈਕਟ ਸਾਡੇ ਪੋਰਟਲ ‘ਤੇ ਰਜਿਸਟਰਡ ਹੋਣਗੇ, ਜਦੋਂ ਉਹ ਡਰਾਇੰਗ ਬਣਾਉਣਗੇ ਅਤੇ ਪੋਰਟਲ ‘ਤੇ ਸਬਮਿੱਟ ਕਰ ਦਿੱਤੀ ਜਾਵੇਗੀ ਅਤੇ ਇਸ ਨਾਲ ਵਿਚੋਲਗੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫਾਇਰ ਸੇਫਟੀ ਪਲਾਨ ਦੇ ਤਹਿਤ ਜਿਹੜਾ ਨਕਸ਼ਾ ਆਰਕੀਟੈਕਟ ਤਿਆਰ ਕਰੇਗਾ, ਹੁਣ ਉਸ ਨੂੰ ਕੋਈ ਔਖ ਨਹੀਂ ਆਵੇਗੀ। ਤਰੁਣਪ੍ਰੀਤ ਸੌਂਦ ਨੇ ਕਿਹਾ ਕਿ ਹੁਣ ਤੱਕ ਕਈ ਬਿਲਡਿੰਗਾਂ ਦੀ 18 ਮੀਟਰ ਹਾਈਟ ਤੱਕ ਇਜਾਜ਼ਤ ਦਿੱਤੀ ਜਾਂਦੀ ਸੀ, ਜਿਸ ਨੂੰ ਹੁਣ ਵਧਾ ਕੇ 21 ਮੀਟਰ ਕਰ ਦਿੱਤਾ ਗਿਆ ਹੈ