ਜਲੰਧਰ –ਜਲੰਧਰ ਦੇ ਪਾਸ਼ ਏਰੀਆ ਗ੍ਰੀਨ ਪਾਰਕ ਵਿਚ ਬੀਤੇ ਦਿਨੀਂ ਜਲੰਧਰ ਸਿਟੀ ਪੁਲਸ ਦੀ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਇਕ ਕਿੱਲੋ ਹੈਰੋਇਨ ਅਤੇ 4 ਲੱਖ ਦੀ ਡਰੱਗ ਮਨੀ ਸਮੇਤ ਇਕ ਵੱਡੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਤਹਿਤ ਅੱਜ ਸਿਟੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਫਿਰੋਜ਼ਪੁਰ ਦੇ ਚਾਰ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਵੱਲੋਂ ਕਰੀਬ 10 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਨੂੰ ਲੈ ਕੇ ਖ਼ੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਦੋਸ਼ੀਆਂ ਵੱਲੋਂ ਸਾਰੀ ਡਰੱਗ ਸਰਹੱਦ ਪਾਰ ਤੋਂ ਮੰਗਵਾਈ ਜਾ ਰਹੀ ਸੀ। ਸਰਹੱਦ ‘ਤੇ ਦੋਸ਼ੀ ਕਿਹੜੇ ਨਸ਼ਾ ਤਸਕਰ ਦੇ ਲਿੰਕ ਵਿਚ ਸਨ, ਇਸ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਪੁਲਸ ਨੇ 9 ਸਤੰਬਰ ਨੂੰ ਫ਼ਿਰੋਜ਼ਪੁਰ ਦੇ ਪਿੰਡ ਭੰਗੋਵਾਲਾ ਦੇ ਰਹਿਣ ਵਾਲੇ ਬਦਨਾਮ ਨਸ਼ਾ ਤਸਕਰ ਛਿੰਦਾ ਸਿੰਘ ਪੁੱਤਰ ਬੋਹੜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਮੁਲਜ਼ਮ ਤੋਂ ਪੁੱਛਗਿੱਛ ਕਰਨ ਮਗਰੋਂ ਫ਼ਿਰੋਜ਼ਪੁਰ ਵਾਸੀ ਹਰਜਿੰਦਰ ਪਾਲ ਸਿੰਘ ਪੁੱਤਰ ਬਲਵੰਤ ਸਿੰਘ, ਵੀਰ ਸਿੰਘ ਪੁੱਤਰ ਕਾਲਾ ਸਿੰਘ, ਸੁਰਮੁੱਖ ਸਿੰਘ ਪੁੱਤਰ ਮੰਗਲ ਸਿੰਘ ਅਤੇ ਮਲੂਕ ਸਿੰਘ ਪੁੱਤਰ ਸੋਹਣ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।