ਜਲੰਧਰ – ਕਮਿਸ਼ਨਰੇਟ ਪੁਲਸ ਜਲੰਧਰ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਵੱਡੇ ਡਰੱਗ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁੱਲ੍ਹ 13.1 ਕਿਲੋ ਹੈਰੋਇਨ, 5 ਗੈਰ-ਕਾਨੂੰਨੀ .32 ਬੋਰ ਪਿਸਤੌਲ, 12 ਜ਼ਿੰਦਾ ਕਾਰਤੂਸ, 3 ਮੈਗਜ਼ੀਨ, 3 ਲਗਜ਼ਰੀ ਵਾਹਨ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਇਸ ਕਾਰਵਾਈ ਦੇ ਵੇਰਵਾ ਸਾਂਝਾ ਕਰਦੇ ਸੀ. ਪੀ. ਜਲੰਧਰ ਨੇ ਦੱਸਿਆ ਕਿ 25 ਮਈ 2025 ਨੂੰ ਹੋਈ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਉਨ੍ਹਾਂ ਨੇ ਦੋ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਖੁਲਾਸਾ ਕੀਤਾ ਸੀ। ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ ਵਾਸੀ ਸਿਮਰਨ ਐਨਕਲੇਵ ਨੇੜੇ ਲੰਮਾ ਪਿੰਡ ਚੌਕ, ਨੂੰ 20 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਿੰਦਰ ਸਿੰਘ ਉਰਫ਼ ਬੱਬੂ, ਪੁੱਤਰ ਦਵਿੰਦਰ ਸਿੰਘ ਵਾਸੀ ਅਮਰ ਨਗਰ ਜਲੰਧਰ ਨੂੰ 22 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪੁਲਸ ਨੇ ਕੁੱਲ੍ਹ 13 ਕਿਲੋ ਹੈਰੋਇਨ, 3 ਲਗਜ਼ਰੀ ਕਾਰਾਂ, 2 ਗੈਰ-ਕਾਨੂੰਨੀ ਪਿਸਤੌਲ (32 ਬੋਰ), 6 ਜ਼ਿੰਦਾ ਕਾਰਟੂਨ ਅਤੇ 22,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਐੱਫ਼. ਆਈ. ਆਰ. ਨੰਬਰ 122 ਮਿਤੀ 20 ਮਈ ਨੂੰ 21-ਸੀ, 27-ਏ, 61, 85 ਧਾਰਾ ਐੱਨ. ਡੀ. ਪੀ. ਐੱਸ. ਐਕਟ ਅਤੇ 25(1) ਬੀ ਅਸਲਾ ਐਕਟ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 8 ਜਲੰਧਰ ਵਿਖੇ ਦਰਜ ਕੀਤੀ ਗਈ ਸੀ।