ਅੰਮ੍ਰਿਤਸਰ : ਪੰਜਾਬ ਪੁਲਸ ਨੇ ਐਨਕਾਊਂਟਰ ਵਿਚ ਖ਼ਤਰਨਾਕ ਗੈਂਗਸਟਰ ਲੰਡਾ ਹਰੀਕੇ ਦੇ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਡੀ. ਆਈ. ਜੀ. ਬਾਰਡਰ ਰੇਂਜ ਮੁਤਾਬਕ ਬੀਤੇ ਦਿਨੀਂ ਬਿਆਸ ਨੇੜੇ ਸਠਿਆਲਾ ਮੰਡੀ ਵਿਚ ਆੜ੍ਹਤੀਏ ਤੇ ਸਾਬਕਾ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਕਾਂਡ ਵਿਚ ਪੁਲਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਸ਼ੂਟਰ ਗੁਰਸ਼ਰਨ, ਪਰਵੀਨ ਤੇ ਪਾਰਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਅੱਜ ਜਦੋਂ ਪੁਲਸ ਗੁਰਸ਼ਰਨ ਤੇ ਪਾਰਸ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਆਈ ਤਾਂ ਇਨ੍ਹਾਂ ਨੇ ਲਕੋਏ ਹਥਿਆਰਾਂ ਨਾਲ ਪੁਲਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਸ ਦੀ ਜਵਾਬੀ ਕਾਰਵਾਈ ਵਿਚ ਗੈਂਗਸਟਰ ਗੁਰਸ਼ਰਨ ਮਾਰਿਆ ਗਿਆ ਜਦਕਿ ਦੂਜਾ ਗੈਂਗਸਟਰ ਪਾਰਸ ਦਰਿਆ ਵਿਚ ਛਾਲ ਮਾਰ ਕੇ ਭੱਜਣ ਵਿਚ ਕਾਮਯਾਬ ਰਿਹਾ।
ਡੀ. ਆਈ. ਜੀ. ਨੇ ਦੱਸਿਆ ਕਿ ਭਾਰੀ ਪੁਲਸ ਫੋਰਸ ਮੌਕੇ ‘ਤੇ ਤਾਇਨਾਤ ਹੈ ਅਤੇ ਫਰਾਰ ਮੁਲਜ਼ਮ ਪਾਰਸ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਸ਼ਰਨ ਕੋਲੋਂ ਇਕ 9 ਐੱਮ. ਐੱਮ. ਦਾ ਗਲੋਕ ਪਿਸਟਲ ਬਰਾਮਦ ਹੋਇਆ ਹੈ, ਜਿਸ ਨਾਲ ਇਸ ਨੇ ਪੁਲਸ ‘ਤੇ ਗੋਲੀਆਂ ਚਲਾਈਆਂ ਸਨ ਜਦਕਿ ਫਰਾਰ ਗੈਂਗਸਟਰ ਪਾਰਸ ਕੋਲ ਵੀ ਗਲੋਕ ਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਗੈਂਗਸਟਰ ਪਹਿਲਾਂ ਵੀ ਕਈ ਕਤਲ ਕੇਸਾਂ ਤੋਂ ਇਲਾਵਾ ਫਿਰੌਤੀ ਅਤੇ ਹੋਰ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਸੀ। ਡੀ. ਆਈ. ਜੀ. ਨੇ ਕਿਹਾ ਕਿ ਬਾਹਰ ਬੈਠੇ ਗੈਂਗਸਟਰਾਂ ਲਈ ਇਹ ਸਬਕ ਹੈ।