ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇੱਥੇ ਵੱਖ-ਵੱਖ ਵਿਭਾਗਾਂ ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਕਿਹਾ ਕਿ ਇਸ ਨੂੰ ਆਖ਼ਰੀ ਨੌਕਰੀ ਨਾ ਸਮਝੋ ਅਤੇ ਹੋਰ ਵੀ ਪੜ੍ਹ ਕੇ ਅੱਗੇ ਦੀ ਤਿਆਰੀ ਕਰੋ ਅਤੇ ਸਰਕਾਰ ਤੁਹਾਨੂੰ ਪੂਰਾ ਮਾਹੌਲ ਦੇਵੇਗੀ।
ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਕੁੱਝ ਨਹੀਂ ਕੀਤਾ ਪਰ ਅਸੀਂ ਪਹਿਲੇ ਦਿਨ ਤੋਂ ਹੀ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਹੁਣ ਤੱਕ 54, 257 ਹਜ਼ਾਰ ਨੌਕਰੀਆਂ ਨੌਜਵਾਨਾਂ ਨੂੰ ਦੇ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਵਿਰੋਧੀ ਮੈਨੂੰ ਤੜਕੇ ਉੱਠ ਕੇ ਹੀ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਾਲ 2013 ‘ਚ ਸਿਆਸਤ ‘ਚ ਆ ਗਿਆ ਸੀ ਅਤੇ ਲਗਾਤਾਰ 12 ਸਾਲ ਤੋਂ ਵਿਰੋਧੀ ਕਹੀ ਜਾਂਦੇ ਹਨ ਕਿ ਭਗਵੰਤ ਮਾਨ ਦਿਨ-ਰਾਤ ਸ਼ਰਾਬ ਨਾਲ ਟੱਲੀ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਦੱਸ ਦਿਓ ਕਿ ਤੁਹਾਡੇ ਪਿੰਡ ‘ਚ ਜੇਕਰ ਕੋਈ 12 ਸਾਲ ਤੋਂ ਟੱਲੀ ਰਹਿੰਦਾ ਹੈ ਤਾਂ ਕੀ ਉਹ ਜਿਊਂਦਾ ਹੈ? ਮੈਂ ਕਿਹੜਾ ਮੰਡੀ ਗੋਬਿੰਦਗੜ੍ਹ ਤੋਂ ਲੋਹੇ ਦਾ ਲੇਬਰ ਲਗਵਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਮੇਰੇ ਨਾਲ ਬਿਨਾਂ ਗੱਲ ਤੋਂ ਪੰਗੇ ਲੈਂਦੇ ਫਿਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਫ਼ਲਤਾ, ਮਿਹਨਤ ਤੋਂ ਬਿਨਾਂ ਮਿਲ ਨਹੀਂ ਸਕੀ ਅਤੇ ਜੇਕਰ ਤੁੱਕਾ ਲੱਗ ਗਿਆ ਤਾਂ ਫਿਰ ਜ਼ਿਆਦਾ ਦੇਰ ਤੱਕ ਰਹਿ ਨਹੀਂ ਸਕੀ। ਕਦੇ ਵੀ ਖ਼ੁਦ ਨੂੰ ਇਹ ਨਾ ਸਮਝੋ ਕਿ ਅਸੀਂ ਕੁੱਝ ਕਰ ਨਹੀਂ ਸਕਦੇ, ਜਦੋਂ ਬੰਦਾ ਚਾਹੇ ਤਾਂ ਸਭ ਕੁੱਝ ਕਰ ਸਕਦਾ ਹੈ।