ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ’ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਬੋਧਨ ਕੀਤਾ, ਜਿੱਥੇ ਥਾਨੇਸਰ ਵਿਧਾਨ ਸਭਾ ਹਲਕੇ ’ਚ ਇੱਕ ਵਿਸ਼ਾਲ ਜਨ ਸਭਾ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਦਰਅਸਲ ਸੀਐੱਮ ਸੈਣੀ ਨੇ ਕਿਸਾਨਾਂ ਦੇ ਪਿਛਲੇ ਸਾਲ ਦੇ 133 ਕਰੋੜ 55 ਲੱਖ 48 ਹਜ਼ਾਰ ਰੁਪਏ ਦੇ ਬਕਾਏ ਕਰਜੇ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਹਰ ਸਾਲ ਕਰੀਬ 54 ਕਰੋੜ ਰੁਪਏ ਦੀ ਰਾਹਤ ਮਿਲੇਗੀ। ਇਸਤੋਂ ਇਲਾਵਾ ਮੁੱਖ ਮੰਤਰੀ ਨੇ ਸੂਬੇ ਦੀਆਂ 14 ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਣ ਦਾ ਐਲਾਨ ਵੀ ਕੀਤਾ।
ਸੰਬੋਧਨ ਕਰਦੇ ਹੋਏ ਹੋਏ ਸੀਐੱਮ ਸੈਣੀ ਨੇ 2023 ਤੋਂ ਪਹਿਲਾਂ ਹੋਈ ਕੁਦਰਤੀ ਤਬਾਹੀ ਦਾ ਵੀ ਜ਼ਿਕਰ ਕੀਤਾ। ਰੋਹਤਕ, ਨੂਹ, ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ’ਚ ਹੋਏ ਨੁਕਸਾਨ ਦੇ ਮੁਆਵਜ਼ੇ ਵੱਜੋਂ ਸੀਐੱਮ ਸੈਣੀ ਨੇ 137 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹ ਰਾਸ਼ੀ ਸਬੰਧਤ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨਾਂ ਲਈ ਦੇਸ਼ ਭਰ ਵਿੱਚ ਕਿਤੇ ਵੀ ਥ੍ਰੀ-ਸਟਾਰ ਮੋਟਰ ਖਰੀਦਣ ਦੀ ਇਜਾਜ਼ਤ ਹੋਵੇਗੀ। ਕਿਸਾਨ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਕੰਪਨੀ ਤੋਂ ਤਿੰਨ ਸਟਾਰ ਮੋਟਰਾਂ ਖਰੀਦ ਸਕਣਗੇ। ਇਸ ਨਾਲ 31 ਦਸੰਬਰ 2023 ਤੱਕ ਨਵੇਂ ਟਿਊਬਵੈੱਲ ਕੁਨੈਕਸ਼ਨਾਂ ਲਈ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੇਕਰ ਬਿਜਲੀ ਦਾ ਟਰਾਂਸਫਾਰਮਰ ਟੁੱਟ ਜਾਂਦਾ ਹੈ ਤਾਂ ਕਿਸਾਨ ਤੋਂ ਟਰਾਂਸਫਾਰਮਰ ਦੀ ਕੀਮਤ ਨਹੀਂ ਵਸੂਲੀ ਜਾਵੇਗੀ। ਇਨ੍ਹਾਂ ਟਰਾਂਸਫਾਰਮਰਾਂ ਨੂੰ ਪਾਵਰ ਕਾਰਪੋਰੇਸ਼ਨ ਵੱਲੋਂ ਆਪਣੇ ਖਰਚੇ ’ਤੇ ਬਦਲਿਆ ਜਾਵੇਗਾ।