ਨਵੀਂ ਦਿੱਲੀ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤ ਦੇ ਸਿੱਖ ਯਾਤਰੀਆਂ ਲਈ 2100 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਹ ਵੀਜ਼ੇ 4 ਤੋਂ 13 ਨਵੰਬਰ 2025 ਤੱਕ ਪਾਕਿਸਤਾਨ ‘ਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਜਾਰੀ ਕੀਤੇ ਗਏ ਹਨ।
ਪਾਕਿਸਤਾਨ ਹਾਈ ਕਮਿਸ਼ਨ ਨੇ ਐਕਸ ‘ਤੇ ਪੋਸਟ ਕਰਦਿਆਂ ਕਿਹਾ, “ਨਵੀਂ ਦਿੱਲੀ ਵਿਚ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਭਾਰਤੀ ਸਿੱਖ ਯਾਤਰੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਸਮਾਰੋਹਾਂ ਵਿਚ ਹਿੱਸਾ ਲੈਣ ਲਈ 2100 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ।”
ਇਸ ਤੋਂ ਪਹਿਲਾਂ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਸੀ ਕਿ ਸਿੱਖ ਜਥੇ ਪਾਕਿਸਤਾਨ ਜਾ ਸਕਣਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਣਾਅਪੂਰਨ ਭਾਰਤ-ਪਾਕਿਸਤਾਨ ਸੰਬੰਧਾਂ ਦੇ ਬਾਵਜੂਦ ਧਾਰਮਿਕ ਸਬੰਧਾਂ ਦੀ ਨਿਰੰਤਰਤਾ ਕਾਇਮ ਰੱਖੀ ਗਈ ਹੈ।
ਇਹ ਯਾਤਰਾ 1974 ਦੇ ਭਾਰਤ-ਪਾਕਿਸਤਾਨ ਦੋ-ਪੱਖੀ ਸਮਝੌਤੇ ਅਧੀਨ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਦੋਵਾਂ ਦੇਸ਼ਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਸਹੂਲਤ ਦੇਣਾ ਹੈ। ਹਰ ਸਾਲ ਸਿੱਖ ਯਾਤਰੀ ਪ੍ਰਕਾਸ਼ ਪੁਰਬ, ਵਿਸਾਖੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਮੇਤ ਕਈ ਧਾਰਮਿਕ ਮੌਕਿਆਂ ‘ਤੇ ਪਾਕਿਸਤਾਨ ਜਾਂਦੇ ਹਨ।

