ਜਲੰਧਰ – ਪੰਜਾਬ ‘ਚ ਵੱਢ-ਵਡਾਂਗੇ ਤੇ ਲੜਾਈ-ਝਗੜੇ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਅਜਿਹੀ ਅਣਸੁਖਾਵੀਂ ਘਟਨਾ ਹੁੰਦੀ ਹੀ ਰਹਿੰਦੀ ਹੈ। ਅਜਿਹੀ ਹੀ ਇਕ ਹੋਰ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਰਦੁਆਰੇ ਲੱਗੇ ਲੰਗਰ ‘ਚ ਚਾਹ ਲੈਣ ਗਏ ਨੌਜਵਾਨ ‘ਤੇ ਗੁਰਦੁਆਰੇ ਦੇ ਨਿਹੰਗ ਵੱਲੋਂ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਹ ਵਾਰਦਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਟਾਰੀ ਦੀ ਹੈ, ਜਿੱਥੇ ਮੱਸਿਆ ਦੇ ਮੌਕੇ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਲਗਾਇਆ ਗਿਆ ਸੀ। ਇਸ ਦੌਰਾਨ ਪਿੰਡ ਦਾ ਇਕ ਨੌਜਵਾਨ ਉੱਥੋਂ ਚਾਹ ਲੈਣ ਗਿਆ ਤਾਂ ਉੱਥੇ ਮੌਜੂਦ ਇਕ ਨਿਹੰਗ ਸਿੰਘ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ‘ਚ ਨੌਜਵਾਨ ਦਾ ਗੁੱਟ ਵੱਢਿਆ ਗਿਆ ਹੈ ਤੇ ਉਸ ਦੀਆਂ ਲੱਤਾਂ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਉਹ ਲਹੂ-ਲੁਹਾਨ ਹਾਲਤ ‘ਚ ਪਿਆ ਹੋਇਆ ਸੀ। ਉਸ ਦੇ ਹੱਕ ‘ਚ ਪੂਰਾ ਪਿੰਡ ਉਸ ਨੂੰ ਇਨਸਾਫ਼ ਦਿਵਾਉਣ ਲਈ ਇਕੱਠਾ ਹੋ ਗਿਆ ਹੈ।
ਇਸ ਮਾਮਲੇ ਬਾਰੇ ਜਦ ਥਾਣਾ ਐੱਸ.ਐੱਚ.ਓ. ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਹ ਵਾਰਦਾਤ ਮਗਰੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ।