ਅੰਮ੍ਰਿਤਸਰ : ਅੰਮ੍ਰਿਤਸਰ ਆਏ ਦਿਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਾੜੇ ਅਨਸਰਾਂ ਵੱਲੋਂ ਗੋਲੀਆਂ ਚਲਾ ਕੇ ਸ਼ਰੇਆਮ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਪਿੰਡ ਮਾਹਲ ਵਿਖੇ ਇੱਕ ਨਾਮਧਾਰੀ ਕਰਿਆਨੇ ਦੀ ਦੁਕਾਨ ਚਲਾਨ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਜੋ ਕਿ ਪਿੰਡ ਮਾਹਲ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਹੈ, ਨੂੰ ਅੱਜ ਅਣਪਛਾਤੇ ਨੌਜਵਾਨ ਗੋਲੀ ਮਾਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸੁਖਵਿੰਦਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਇਸ ਮੌਕੇ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਫੋਨ ‘ਤੇ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਜਾਨੋ ਮਾਰ ਦਿਆਂਗੇ। ਇਸ ਮਗਰੋਂ ਅੱਜ ਦੋ ਨੌਜਵਾਨ ਆਏ ਤੇ ਉਨ੍ਹਾਂ ‘ਚੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਇਆ ਤੇ ਉਸ ਨੇ ਸੁਖਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਤੇ ਮੌਕੇ ਤੋਂ ਭੱਜ ਗਏ। ਜਿਸ ਦੀ ਸੂਚਨਾ ਅਸੀਂ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਪੀੜਿਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ।
ਇਸ ਮੌਕੇ ਮੌਕੇ ਪੁੱਜੇ ਪੁਲਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।