ਜਲੰਧਰ – ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਪੰਜਾਬ ਵਿਚ ਵੱਡੀ ਘਟਨਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਵਿਖੇ ਦੋ ਧੜਿਆਂ ਵਿਚਾਲੇ ਗੈਂਗਵਾਰ ਹੋ ਗਈ। ਵੀਰਵਾਰ ਸ਼ਾਮ ਸਥਾਨਕ ਕਮਲ ਵਿਹਾਰ ਅਤੇ ਏਕਤਾ ਨਗਰ ਵਿਚਕਾਰ ਸੁੱਚੀ ਪਿੰਡ ਵੱਲ ਜਾਂਦੀਆਂ ਰੇਲਵੇ ਲਾਈਨਾਂ ’ਤੇ 2 ਧੜਿਆਂ ਵਿਚਕਾਰ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਜੀ. ਆਰ. ਪੀ. ਦੀ ਪੁਲਸ ਮੌਕੇ ’ਤੇ ਪਹੁੰਚੀ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਨੇੜਲੇ ਘਰਾਂ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ। ਤੁਰੰਤ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕਮਲ ਵਿਹਾਰ ਤੋਂ ਏਕਤਾ ਨਗਰ ਦੇ ਵਿਚਕਾਰ ਪੈਂਦੇ ਰੇਲਵੇ ਫਾਟਕ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ 2 ਧੜਿਆਂ ਵਿਚ ਗੋਲੀਆਂ ਚੱਲੀਆਂ ਹਨ।
ਮੌਕੇ ’ਤੇ ਇਕ ਔਰਤ ਨੇ ਦੱਸਿਆ ਕਿ ਰੇਲਵੇ ਲਾਈਨਾਂ ਦੀ ਇਕ ਸਾਈਡ ’ਤੇ 25-30 ਨੌਜਵਾਨ ਅਤੇ ਦੂਜੇ ਪਾਸੇ 10-15 ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਇਲਾਕੇ ਦੇ ਲੋਕ ਸਹਿਮ ਕੇ ਆਪਣੇ ਘਰਾਂ ਵਿਚ ਵੜ ਗਏ। ਇਸ ਦੌਰਾਨ 2-3 ਫਾਇਰ ਹੋਣ ਦੀਆਂ ਆਵਾਜ਼ਾਂ ਆਈਆਂ। ਇਸੇ ਵਿਚਕਾਰ ਜਲੰਧਰ ਵੱਲੋਂ ਇਕ ਟ੍ਰੇਨ ਆ ਗਈ। ਟ੍ਰੇਨ ਲੰਘਣ ਤੋਂ ਬਾਅਦ ਵੇਖਿਆ ਤਾਂ ਸਾਰੇ ਨੌਜਵਾਨ ਉਥੋਂ ਭੱਜ ਗਏ।
ਐੱਸ. ਐੱਚ. ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਉਥੇ ਮੌਜੂਦ ਇਕ ਔਰਤ ਕਿਰਨ ਬਾਲਾ ਦੇ ਬਿਆਨ ਲਏ ਗਏ ਹਨ। ਉਸਦੇ ਬਿਆਨਾਂ ’ਤੇ 25-30 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ