ਲੁਧਿਆਣਾ : ਸਾਬਕਾ ਕਾਂਗਰਸੀ ਵਿਧਾਇਕ ਅਤੇ ਲੁਧਿਆਣਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਦੀ ਗੱਡੀ ‘ਤੇ ਫ਼ਾਇਰਿੰਗ ਹੋ ਗਈ ਹੈ। ਹਾਲਾਂਕਿ ਫ਼ਾਇਰਿੰਗ ਵੇਲੇ ਗੱਡੀ ਵਿਚ ਕੋਈ ਵੀ ਮੌਜਦ ਨਹੀਂ ਸੀ। ਗੋਲ਼ੀਆਂ ਚੱਲਣ ਨਾਲ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੈ ਤੇ ਸੀਟ ‘ਤੇ ਗੋਲ਼ੀ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਹਨ। ਗੱਡੀ ਵਿਚੋਂ ਗੋਲ਼ੀ ਦਾ ਖੋਲ ਵੀ ਬਰਾਮਦ ਹੋਇਆ ਹੈ।
ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਇੰਨ੍ਹੀਂ ਦਿਨੀਂ ਸਾਊਥ ਸਿਟੀ ਏਰੀਆ ਸਥਿਤ ਜਨਪਥ ਵਿਚ ਰਹਿ ਰਹੇ ਹਨ ਤੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਵਿਚ ਗੋਲ਼ੀ ਲੱਗੀ ਹੈ। ਉਨ੍ਹਾਂ ਦੇ ਡਰਾਈਵਰ ਨੇ ਜਦੋਂ ਆ ਕੇ ਵੇਖਿਆ ਤਾਂ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਗੱਡੀ ਖੋਲ੍ਹ ਕੇ ਵੇਖੀ ਤਾਂ ਸੀਟ ਵਿਚ ਲੱਗੀ ਗੋਲ਼ੀ ਦਾ ਖੋਲ ਪਿਆ ਹੋਇਆ ਸੀ। ਇਹ ਫ਼ਾਇਰਿੰਗ ਕਿਸ ਵੇਲੇ ਹੋਈ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।
ਇਸ ਦੀ ਸੂਚਨਾ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਦਿੱਤੀ ਗਈ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।