ਅੰਮ੍ਰਿਤਸਰ- ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਸਥਿਤ ਥਾਣਾ ਸਦਰ ਦੇ ਬਾਹਰ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਸੀਆਰਪੀਐਫ ਦੇ ਇੱਕ ਸੇਵਾਮੁਕਤ ਡੀ. ਐੱਸ. ਪੀ ਤਰਸੇਮ ਸਿੰਘ ਵੱਲੋਂ ਆਪਣੀ ਪਹਿਲੀ ਪਤਨੀ, ਪੁੱਤ ਅਤੇ ਨੂੰਹ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਫਾਇਰਿੰਗ ਕਰਨ ਦਾ ਮਾਮਲਾ ਦੂਜਾ ਵਿਆਹ ਦੱਸਿਆ ਜਾ ਰਿਹਾ ਸੀ। ਸਾਬਕਾ ਡੀ. ਐੱਸ. ਪੀ. ਦੀ ਪਹਿਲੀ ਪਤਨੀ ਨਾਲ ਜਾਇਜਾਜ ਨੂੰ ਲੈ ਕੇ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਦੋਵਾਂ ਧਿਰਾਂ ਨੇ ਅੱਜ ਥਾਣੇ ‘ਚ ਮੌਜੂਦ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਡੀ. ਐੱਸ. ਪੀ. ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਉਨ੍ਹਾਂ ‘ਤੇ ਕਈ ਫਾਇਰ ਕਰ ਦਿੱਤੇ, ਜਿਸ ‘ਚ ਡੀ. ਐੱਸ. ਪੀ. ਦੀ ਪਹਿਲੀ ਪਤਨੀ, ਪੁੱਤ ਤੇ ਨੂੰਹ ਨੂੰ ਗੋਲੀਆਂ ਲੱਗੀਆਂ ਤੇ ਤਿੰਨੋਂ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਏਸੀਪੀ ਨੌਰਥ ਆਈਪੀਐਸ ਰਿਸ਼ਭ ਭੋਲਾ ਨੇ ਦੱਸਿਆ ਕਿ ਮੁਲਜ਼ਮ ਰਾਜਾਸਾਂਸੀ ਦਾ ਰਹਿਣ ਵਾਲਾ ਹੈ। ਗੋਲੀਬਾਰੀ ਤੋਂ ਤੁਰੰਤ ਬਾਅਦ ਚੈੱਕ ਪੋਸਟ ‘ਤੇ ਖੜ੍ਹੀ ਪੁਲਸ ਨੇ ਤਰਸੇਮ ਸਿੰਘ ਨੂੰ ਫੜ ਲਿਆ। ਇਸ ਤੋਂ ਬਾਅਦ ਉਸਨੂੰ ਮਜੀਠਾ ਰੋਡ ਪੁਲਸ ਸਟੇਸ਼ਨ ਵਿੱਚ ਪੇਸ਼ ਕੀਤਾ ਗਿਆ। ਏਸੀਪੀ ਨੇ ਕਿਹਾ ਕਿ ਤਰਸੇਮ ਦਾ ਦੋ ਵਿਆਹ ਹੋਏ ਹਨ। ਉਸਦੀ ਪਹਿਲੀ ਪਤਨੀ ਅਤੇ ਪੁੱਤਰ ਨਾਲ ਜਾਇਦਾਦ ਦਾ ਵਿਵਾਦ ਚੱਲ ਰਿਹਾ ਹੈ। ਇਸ ਲੜਾਈ ਦੌਰਾਨ ਤਰਸੇਮ ਸਿੰਘ ਨੇ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।