ਅਬੋਹਰ- ਅਬੋਹਰ ਵਿਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਅਤੇ ਦੋ ਨਿੱਕੇ ਬੱਚਿਆਂ ਨੂੰ ਨਿਹਰ ਵਿੱਚ ਧੱਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਤਿੰਨ ਮਹੀਨੇ ਦਾ ਬੱਚਾ ਨਹਿਰ ਦੇ ਤੇਜ਼ ਵਹਾਅ ਵਿੱਚ ਵਹਿ ਗਿਆ, ਜਿਸ ਦੀ ਤਲਾਸ਼ ਪੁਲਸ ਵੱਲੋਂ ਜਾਰੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਬੋਹਰ ਦੇ ਢਾਣੀ ਵਿਸ਼ੇਸ਼ਰ ਨਾਥ ਨੇੜੇ ਇਕ ਵਿਅਕਤੀ ਆਪਣੀ ਪਤਨੀ ਅਤੇ ਦੋ ਬੱਚਿਆਂ, ਇਕ ਦੋ ਸਾਲਾ ਅਤੇ ਇਕ ਤਿੰਨ ਮਹੀਨੇ ਦੇ ਬੱਚੇ ਨਾਲ ਨਹਿਰ ਕਿਨਾਰੇ ਪਹੁੰਚਿਆ। ਜਿਥੇ ਉਸ ਨੇ ਪਹਿਲਾਂ ਦੋਵੇਂ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਵੀ ਪਾਣੀ ਵਿੱਚ ਧੱਕ ਦਿੱਤਾ। ਕੁਝ ਪਲਾਂ ਬਾਅਦ ਉਸ ਨੇ ਖੁਦ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ।
ਇਸ ਦੌਰਾਨ ਮੌਕੇ ਤੋਂ ਲੰਘ ਰਹੇ ਰਾਹਗੀਰਾਂ ਨੇ ਹਿੰਮਤ ਦਿਖਾਉਂਦਿਆਂ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ। ਰਾਹਗੀਰਾਂ ਦੀ ਮਦਦ ਨਾਲ ਔਰਤ, ਉਸ ਦਾ ਪਤੀ ਅਤੇ ਦੋ ਸਾਲਾ ਬੱਚੇ ਨੂੰ ਨਹਿਰ ਤੋਂ ਬਾਹਰ ਕੱਢ ਲਿਆ ਗਿਆ, ਪਰ ਤਿੰਨ ਮਹੀਨੇ ਦਾ ਬੱਚਾ ਪਾਣੀ ਵਿੱਚ ਵਹਿ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੱਚੇ ਦੀ ਤਲਾਸ਼ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਪੀੜਤ ਔਰਤ ਵੀਨਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਫਾਰਮ ਵੱਲ ਜਾ ਰਹੀ ਸੀ। ਉਸ ਮੁਤਾਬਕ ਪਤੀ ਨੇ ਪੈਸੇ ਲੈਣ ਜਾਣ ਦੇ ਬਹਾਨੇ ਨਾਲ ਉਸ ਨੂੰ ਨਾਲ ਲੈ ਕੇ ਗਿਆ ਸੀ ਅਤੇ ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ। ਔਰਤ ਨੇ ਦੱਸਿਆ ਕਿ ਨਹਿਰ ’ਤੇ ਰੁਕਣ ਸਮੇਂ ਪਤੀ ਨੇ ਕਿਹਾ ਕਿ ਉਸ ਪਾਣੀ ਵਿੱਚ ਲੱਡੂ ਤਾਰਣੇ ਹਨ, ਪਰ ਅਚਾਨਕ ਉਸ ਦੇ ਪਤੀ ਨੇ ਉਸ ਦੇ ਸੋ ਰਹੇ ਤਿੰਨ ਮਹੀਨੇ ਦੇ ਬੱਚੇ ਅਤੇ ਦੋ ਸਾਲਾ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਫਿਰ ਉਸ ਨੂੰ ਵੀ ਧੱਕ ਦਿੱਤਾ।
ਘਟਨਾ ਤੋਂ ਬਾਅਦ ਔਰਤ ਦੀ ਤਬੀਅਤ ਵਿਗੜ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਾਣਕਾਰੀ ਮੁਤਾਬਕ ਪਤੀ-ਪਤਨੀ ਦੋਵੇਂ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ।

