ਲੁਧਿਆਣਾ —ਜ਼ਿਲ੍ਹੇ ‘ਚ ਹਜ਼ਾਰਾਂ ਸਕੂਲੀ ਬੱਚਿਆਂ ਦੀ ਸਿਹਤ ਦਾਅ ‘ਤੇ ਹੈ, ਕਿਉਂਕਿ ਸਿਹਤ ਵਿਭਾਗ ਵੱਲੋਂ ਕੀਤੀ ਗਈ ਪਾਣੀ ਦੀ ਜਾਂਚ ਵਿਚ 81 ਸਕੂਲਾਂ ਦੇ ਸੈਂਪਲ ਫੇਲ੍ਹ ਹੋ ਗਏ ਹਨ। ਇਨ੍ਹਾਂ ਸਕੂਲਾਂ ਵਿਚ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਅਤੇ ਪਬਲਿਕ ਸਕੂਲ ਵੀ ਸ਼ਾਮਲ ਹਨ। ਇਨ੍ਹਾਂ ਸੈਂਪਲਾਂ ਵਿਚੋਂ ਨਗਰ ਨਿਗਮ ਵੱਲੋਂ ਸਪਲਾਈ ਕੀਤਾ ਗਿਆ ਪਾਣੀ, ਸਬਮਰਸਿਬਲ ਪੰਪ ਅਤੇ ਆਰ.ਓ. ਦੇ ਪਾਣੀ ਦੇ ਸੈਂਪਲ ਸ਼ਾਮਲ ਹਨ।
ਇੰਨੀ ਵੱਡੀ ਗਿਣਤੀ ਪਾਣੀ ਦੇ ਸੈਂਪਲ ਫੇਲ੍ਹ ਹੋਣ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਵਿਚਾਲੇ ਤਾਲਮੇਲ ਦੀ ਘਾਟ ਹੈ। ਸਮਾਂ ਰਹਿੰਦਿਆਂ ਪੀਣ ਵਾਲੇ ਪਾਣੀ ਦੇ ਸੁਧਾਰ ਲਈ ਸਰਕਾਰੀ ਤੇ ਨਿਜੀ ਸਕੂਲਾਂ ਦੇ ਪ੍ਰਬੰਧਕ ਵੀ ਕੋਈ ਵਿਸ਼ੇਸ਼ ਕਦਮ ਨਹੀਂ ਚੁੱਕ ਰਹੇ ਤੇ ਨਾ ਹੀ ਆਪਣੇ ਪੱਧਰ ‘ਤੇ ਪੀਣ ਵਾਲੇ ਪਾਣੀ ਦੀ ਜਾਂਚ ਕਰਵਾਈ ਹੈ।
ਨਿਜੀ ਅਤੇ ਪਬਲਿਕ ਸਕੂਲ ਵਿਦਿਆਰਥੀਆਂ ਤੋਂ ਮੋਟੀ ਫ਼ੀਸ ਵਸੂਲਦੇ ਹਨ, ਜਦਕਿ ਸਰਕਾਰੀ ਸਕੂਲਾਂ ਵਿਚ ਸਾਫ਼ ਪਾਣੀ ਸਪਲਾਈ ਕਰਨਾ ਸਥਾਨਕ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਇੰਨੀ ਵੱਡੀ ਗਿਣਤੀ ਵਿਚ ਸੈਂਪਲ ਫੇਲ੍ਹ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਡਿਪਟੀ ਕਮਿਸ਼ਨਰ ਨੇ ਕਈ ਵਿਭਾਗਾਂ ਦੀ ਮੀਟਿੰਗ ਬੁਲਾ ਕੇ ਆਪਸੀ ਤਾਲਮੇਲ ਨਾਲ ਪਾਣੀ ਦੀ ਸੈਂਪਲਿੰਗ ਤੇ ਰੋਜ ਸਮੀਖਿਆ ਕਰਨ ਨੂੰ ਕਿਹਾ ਹੈ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਪੇਟ ਦੀਆਂ 80 ਫ਼ੀਸਦੀ ਬਿਮਾਰੀਆਂ ਪੀਣ ਦੇ ਪਾਣੀ ਕਾਰਨ ਹੁੰਦੀਆਂ ਹਨ। ਲਗਾਤਾਰ ਗੰਦਾ ਪਾਣੀ ਸਪਲਾਈ ਹੋਣ ਨਾਲ ਬੱਚਿਆਂ ਦੀ ਸਿਹਤ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ‘ਤੇ ਡੂੰਘਾ ਪ੍ਰਭਾਅ ਪੈ ਸਕਦਾ ਹੈ।