ਇੰਟਰਨੈਸ਼ਨਲ – ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਏਅਰ ਕੈਨੇਡਾ ਏਅਰਲਾਈਨ ਦੇ 10 ਹਜ਼ਾਰ ਤੋਂ ਵੀ ਵੱਧ ਫਲਾਈਟ ਅਟੈਂਡੈਂਟ ਹੜਤਾਲ ‘ਤੇ ਚਲੇ ਗਏ ਹਨ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਐਂਪਲਾਈਜ਼ ਦੇ ਬੁਲਾਰੇ ਹਿਊਗ ਪੋਲਿਅਟ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸਮਝੌਤਾ ਨਾ ਹੋਣ ਕਾਰਨ ਏਅਰਲਾਈਨ ਦੇ ਕਰਮਚਾਰੀ ਹੜਤਾਲ ‘ਤੇ ਚਲੇ ਗਏ ਹਨ।
ਜਾਣਕਾਰੀ ਅਨੁਸਾਰ ਕੰਪਨੀ ਦੇ ਫਲਾਈਟ ਅਟੈਂਡੈਂਟ, ਜਿਨ੍ਹਾਂ ‘ਚੋਂ 70 ਫ਼ੀਸਦੀ ਔਰਤਾਂ ਹਨ, ਆਪਣੀਆਂ ਤਨਖਾਹਾਂ ‘ਚ ਵਾਧਾ ਕਰਨ ਅਤੇ ਜਹਾਜ਼ਾਂ ਦੇ ਉਡਾਣ ਭਰਨ ਤੋਂ ਪਹਿਲਾਂ ਅਤੇ ਉਤਰਨ ਤੋਂ ਬਾਅਦ ਬਿਨਾਂ ਮੁਆਵਜ਼ੇ ਦੇ ਕੀਤੇ ਜਾਂਦੇ ਕੰਮ ਲਈ ਭੁਗਤਾਨ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ, ਜਿਸ ਨੂੰ ਗ੍ਰਾਊਂਡਵਰਕ ਕਿਹਾ ਜਾਂਦਾ ਹੈ।
ਏਅਰ ਕੈਨੇਡਾ ਅਨੁਸਾਰ ਜਦੋਂ ਤੱਕ ਹੜਤਾਲ ਜਾਰੀ ਹੈ, ਉਦੋਂ ਤੱਕ ਕੰਪਨੀ ਦੀਆਂ ਸਾਰੀਆਂ ਫਲਾਈਟਾਂ ਰੱਦ ਰਹਿਣਗੀਆਂ। ‘ਏਅਰ ਕੈਨੇਡਾ’ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ ਤੇ ਕੰਪਨੀ ਪਹਿਲਾਂ ਹੀ 600 ਤੋਂ ਵੱਧ ਫਲਾਈਟਾਂ ਰੱਦ ਕਰ ਚੁੱਕੀ ਹੈ। ਕੰਪਨੀ ਦੁਨੀਆ ਦੇ 60 ਤੋਂ ਜ਼ਿਆਦਾ ਦੇਸ਼ਾਂ ‘ਚ ਫਲਾਈਟਾਂ ਦਾ ਸੰਚਾਲਨ ਕਰਦੀ ਹੈ, ਜਿਸ ਤੋਂ ਬਾਅਦ ਹੜਤਾਲ ਕਾਰਨ ਹੁਣ ਦੁਨੀਆਭਰ ‘ਚ ਲੱਖਾਂ ਯਾਤਰੀ ਪਰੇਸ਼ਾਨ ਹੋ ਰਹੇ ਹਨ।