ਐਂਟਰਟੇਨਮੈਂਟ – ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਰੈਪਰ ਬਾਦਸ਼ਾਹ ਇੱਕ ਵਾਰ ਫਿਰ ਵੱਡੇ ਵਿਵਾਦਾਂ ਵਿੱਚ ਘਿਰ ਗਏ ਹਨ। ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਬਾਦਸ਼ਾਹ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇਹ ਕਾਰਵਾਈ ਉਨ੍ਹਾਂ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ ‘ਟਟੀਰੀ’ ਨੂੰ ਲੈ ਕੇ ਕੀਤੀ ਗਈ ਹੈ।
ਕੀ ਹੈ ਕਮਿਸ਼ਨ ਦੀ ਸਖ਼ਤੀ ਦਾ ਕਾਰਨ?
ਮਿਲੀ ਜਾਣਕਾਰੀ ਮੁਤਾਬਕ, ਹਰਿਆਣਾ ਮਹਿਲਾ ਕਮਿਸ਼ਨ ਨੇ ਬਾਦਸ਼ਾਹ ਨੂੰ ਇਸ ਗਾਣੇ ਵਿੱਚ ਵਰਤੀ ਗਈ ਭਾਸ਼ਾ ਅਤੇ ਮਹਿਲਾਵਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਨੂੰ ਲੈ ਕੇ ਸੰਮਨ ਭੇਜ ਕੇ 13 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਬਾਦਸ਼ਾਹ ਵੱਲੋਂ ਪੇਸ਼ ਨਾ ਹੋਣ ‘ਤੇ ਕਮਿਸ਼ਨ ਨੇ ਹੁਣ ਸਖ਼ਤ ਕਦਮ ਚੁੱਕਿਆ ਹੈ। ਕਮਿਸ਼ਨ ਨੇ ਪੁਲਸ ਪ੍ਰਸ਼ਾਸਨ ਨੂੰ ਬਾਦਸ਼ਾਹ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਰੈਪਰ ਦੇ ਵਿਦੇਸ਼ ਜਾਣ ‘ਤੇ ਰੋਕ ਲਗਾਉਣ ਲਈ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਲਈ ਵੀ ਕਿਹਾ ਗਿਆ ਹੈ। ਕਮਿਸ਼ਨ ਦੀ ਚੇਅਰਪਰਸਨ ਨੇ ਸਾਫ਼ ਕੀਤਾ ਹੈ ਕਿ ਕਲਾ ਦੇ ਨਾਂ ‘ਤੇ ਮਹਿਲਾਵਾਂ ਖ਼ਿਲਾਫ਼ ਅਸ਼ਲੀਲਤਾ ਜਾਂ ਅਪਮਾਨਜਨਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

