ਨੈਸ਼ਨਲ : ਤਾਮਿਲਨਾਡੂ ਦੀ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਸਾਲ 2020 ਦੇ ਬਹੁ-ਚਰਚਿਤ ਸਥਾਨਕੁਲਮ ਕਸਟੋਡੀਅਲ ਕਿੱਲਿੰਗ ਮਾਮਲੇ ਵਿੱਚ ਇੱਕ ਬਹੁਤ ਵੱਡਾ ਤੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਾਮਿਲਨਾਡੂ ਦੇ 9 ਪੁਲਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਘਟਨਾ ਨੂੰ “ਰੇਅਰੈਸਟ ਆਫ ਰੇਅਰ” ਯਾਨੀ ਬੇਹੱਦ ਸੰਗੀਨ ਅਪਰਾਧ ਮੰਨਦੇ ਹੋਏ ਇਹ ਸਖ਼ਤ ਸਜ਼ਾ ਦਿੱਤੀ ਹੈ।
ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਤੂਤੀਕੋਰਿਨ ਜ਼ਿਲ੍ਹੇ ਦੇ ਸਥਾਨਕੁਲਮ ਨਾਲ ਜੁੜਿਆ ਹੋਇਆ ਹੈ, ਜਿੱਥੇ ਇੱਕ ਵਪਾਰੀ ਪੀ. ਜੈਰਾਜ ਅਤੇ ਉਸਦੇ ਬੇਟੇ ਜੇ. ਬੈਨਿਕਸ ਦੀ ਪੁਲਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਦੋਵਾਂ ਨੂੰ 19 ਜੂਨ 2020 ਨੂੰ ਕੋਵਿਡ-19 ਲੌਕਡਾਊਨ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਪੁਲਸ ਦਾ ਦੋਸ਼ ਸੀ ਕਿ ਉਨ੍ਹਾਂ ਨੇ ਆਪਣੀ ਮੋਬਾਈਲ ਐਕਸੈਸਰੀਜ਼ ਦੀ ਦੁਕਾਨ ਨਿਰਧਾਰਤ ਸਮੇਂ ਤੋਂ ਬਾਅਦ ਵੀ ਖੁੱਲ੍ਹੀ ਰੱਖੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਹਿਰਾਸਤ ਵਿੱਚ ਪਿਓ-ਪੁੱਤ ਨਾਲ ਲਗਾਤਾਰ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ਨੂੰ ਸਾਰੀ ਰਾਤ ਪ੍ਰਤਾੜਿਤ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ (ਬਲੰਟ ਫੋਰਸ ਟਰਾਮਾ) ਲੱਗੀਆਂ ਅਤੇ ਭਾਰੀ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਵਿੱਚ ਭਾਰੀ ਰੋਸ ਫੈਲ ਗਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸੀ.ਬੀ.ਆਈ. (CBI) ਨੂੰ ਸੌਂਪੀ ਗਈ ਸੀ। ਸੀ.ਬੀ.ਆਈ. ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਅੱਤਿਆਚਾਰ ਪਹਿਲਾਂ ਤੋਂ ਸੋਚੀ-ਸਮਝੀ ਸਾਜ਼ਿਸ਼ ਸੀ।

