ਜਲੰਧਰ – ਭੰਡਾਰਿਆਂ ਮੌਕੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਮਹੀਨੇ ਦੀ 15, 22, 29 ਤਾਰੀਖ਼ ਨੂੰ ਡੇਰਾ ਬਿਆਸ ਵਿਖੇ ਭੰਡਾਰਿਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਕਰਨਗੇ। ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਵੀ ਸੰਗਤ ਨੂੰ ਪ੍ਰਸਾਦ ਦਿੱਤਾ ਜਾਵੇਗਾ ਅਤੇ ਗੁਰਿੰਦਰ ਸਿੰਘ ਢਿੱਲੋਂ ਸੰਗਤ ਨੂੰ ਦਰਸ਼ਨ ਦੇਣਗੇ। ਇਸ ਵਾਰ ਸਤਿਸੰਗ ਦਾ ਸਮਾਂ ਸਵੇਰੇ 10 ਵਜੇ ਹੋਵੇਗਾ ਜਦੋਂਕਿ ਪਹਿਲਾਂ ਇਹ 9.30 ਵਜੇ ਸੀ।=
ਦੱਸ ਦਈਏ ਕਿ ਰਾਧਾ ਸੁਆਮੀ ਡੇਰਾ ਬਿਆਸ ‘ਚ ਵੱਡੇ ਪੱਧਰ ‘ਤੇ ਭੰਡਾਰੇ ਅਤੇ ਸਤਿਸੰਗ ਦਾ ਆਯੋਜਨ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਡੇਰਾ ਬਿਆਸ ਦੇ ਸਤਿਸੰਗ ਘਰਾਂ ਨੇ ਸੰਗਤ ਦੀ ਸਹੂਲਤ ਲਈ ਇਕ ਹੋਰ ਵੱਡਾ ਕਾਰਜ ਕੀਤਾ ਹੈ, ਜਿਸ ਕਾਰਨ ਡੇਰਾ ਬਿਆਸ ਦੀ ਸੰਗਤ ਬਹੁਤ ਖ਼ੁਸ਼ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਅਤੇ ਉਨ੍ਹਾਂ ਦਾ ਸਤਿਸੰਗ ਸੁਣਨ ਲਈ ਬਿਆਸ ਜਾਂਦੀਆਂ ਹਨ। ਤਕਨੀਕੀ ਕਾਰਨਾਂ ਕਰਕੇ ਪਿਛਲੇ ਕੁਝ ਦਿਨਾਂ ਤੋਂ ਰੇਲ ਆਵਾਜਾਈ ਕਾਫ਼ੀ ਪ੍ਰਭਾਵਿਤ ਹੋ ਰਹੀ ਸੀ। ਜਲੰਧਰ ਕੈਂਟ ਸਟੇਸ਼ਨ ‘ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਕਈ ਗੱਡੀਆਂ ਨੂੰ ਫਗਵਾੜਾ ਸਟੇਸ਼ਨ ‘ਤੇ ਬੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸੰਗਤਾਂ ਨੂੰ ਡੇਰਾ ਬਿਆਸ ਪਹੁੰਚਣ ‘ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।