ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਤੀਜਾ ਦਿਨ ਹੈ। ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਤੇ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿਸ ਵਿਚ ਵਿਧਾਨ ਸਭਾ ਵਿਚ ਪੇਸ਼ ਹੋਣ ਵਾਲੇ ਅਹਿਮ ਬਿੱਲਾਂ ‘ਤੇ ਮੋਹਰ ਲਾਈ ਜਾ ਸਕਦੀ ਹੈ। ਇਸ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ।
ਪੰਜਾਬ ਸਰਕਾਰ ਅੱਜ ਕੈਬਨਿਟ ਦੀ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਅਹਿਮ ਏਜੰਡੇ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦਰਅਸਲ, ਸੂਬਾ ਸਰਕਾਰ ਨਕਲੀ ਖਾਦ ਅਤੇ ਦਵਾਈਆਂ ਦੀ ਵਿਕਰੀ ‘ਤੇ ਰੋਕ ਲਿਆਉਣ ਲਈ ਇਕ ਬਿੱਲ ਲਿਆਉਣਾ ਚਾਹੁੰਦੀ ਹੈ, ਜਿਸ ਤਹਿਤ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਹਰਿਆਣਾ ਵਿਚ ਵੀ ਅਜਿਹਾ ਹੀ ਇਕ ਕਾਨੂੰਨ ਬਣਾਇਆ ਗਿਆ ਹੈ, ਜਿਸ ਤਹਿਤ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ 3 ਤੋਂ 5 ਸਾਲ ਤਕ ਦੀ ਸਜ਼ਾ ਦਾ ਪ੍ਰਵਾਧਾਨ ਹੈ।