ਲੁਧਿਆਣਾ : ਪੰਜਾਬ ‘ਚ ਰਜਿਸਟਰੀਆਂ ਕਰਾਉਣ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਸਰਕਾਰ ਵਲੋਂ 31 ਜੁਲਾਈ, 2024 ਤੱਕ ਲੋਕਾਂ ਦੇ 500 ਗਜ਼ ਦੇ ਪਲਾਟ ਲਈ ਐੱਨ. ਓ. ਸੀ. ਦੀ ਸ਼ਰਤ ਨੂੰ ਖ਼ਤਮ ਕਰਨ ਤੋਂ ਬਾਅਦ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਕੁੱਝ ਚਲਾਕ ਲੋਕ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਸਰਕਾਰ ਦੇ ਹੁਕਮਾਂ ਅਨੁਸਾਰ ਰਜਿਸਟਰੀਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨੂੰ ਲੈ ਕੇ ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ਵੱਲੋਂ ਲੋਕਾਂ ਲਈ ਇਕ ਅਹਿਮ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ’ਚ ਜੋ ਵੀ ਵਿਅਕਤੀ 500 ਗਜ਼ ਦੇ ਪਲਾਟ ਤੱਕ ਰਜਿਸਟਰੀ ਕਰਵਾਉਣ ਲਈ ਆਵੇਗਾ, ਉਸ ਨੂੰ ਹੁਣ ਆਪਣੇ ਪਲਾਟ ਦਾ ਪੁਰਾਣਾ ਬਿਆਨਾ, ਜੋ 31 ਜੁਲਾਈ ਤੱਕ ਹੋਇਆ ਹੋਵੇ, ਦੀ ਅਸਲ ਕਾਪੀ ਨਾਲ ਲਗਾਉਣੀ ਪਵੇਗੀ ਅਤੇ ਜਿਸ ਵਿਅਕਤੀ ਨੇ ਕਿਸੇ ਰਜਿਸਟਰੀ ਮਾਲਕ ਤੋਂ ਪਲਾਟ ਖ਼ਰੀਦਿਆ ਹੈ, ਉਸ ਨੂੰ ਹੁਣ ਅਸਲ ਰਜਿਸਟਰੀ ਨੂੰ ਤਹਿਸੀਲ ’ਚ ਨਾਲ ਲਿਆਉਣਾ ਹੋਵੇਗਾ, ਨਹੀਂ ਤਾਂ ਉਕਤ ਵਿਅਕਤੀ ਦੀ ਰਜਿਸਟਰੀ ਨਹੀਂ ਕੀਤੀ ਜਾਵੇਗੀ।