ਜਲੰਧਰ – ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਪੂਰੀ ਤਰ੍ਹਾਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਵਿਚਾਲੇ ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਡੀ-ਮਾਰਟ ਵਿਚ ਰਾਸ਼ਨ ਇੱਕਠਾ ਕਰਨ ਨੂੰ ਲੈ ਕੇ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਹਨ। ਭਾਰਤ-ਪਾਕਿਸਤਾਨ ਵਿਚ ਬਣੇ ਹਾਲਾਤ ਨੂੰ ਵੇਖਦੇ ਹੋਏ ਲੋਕ ਸਵੇਰ ਤੋਂ ਹੀ ਇਥੇ ਘਰ ਦਾ ਜ਼ਰੂਰੀ ਸਾਮਾਨ ਇਕੱਠਾ ਕਰਨ ਵਿਚ ਲੱਗੇ ਹੋਏ ਹਨ।
ਰਾਸ਼ਨ ਲੈਣ ਪੁੱਜੇ ਲੋਕਾਂ ਦਾ ਕਹਿਣਾ ਹੈ ਕਿ ਦੇਰ ਰਾਤ ਪਾਕਿਸਤਾਨ ‘ਚ ਭਾਰਤ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਿਵੇਂ ਕੋਰੋਨਾ ਕਾਲ ਦੇ ਸਮੇਂ ਹਾਲਾਤ ਬਣੇ ਸਨ, ਉਹੋ ਜਿਹੇ ਹੀ ਹਾਲਾਤ ਹੁਣ ਵੇਖਣ ਨੂੰ ਮਿਲੇ ਹਨ। ਜਨਤਾ ਨੂੰ ਇਹ ਡਰ ਹੈ ਕਿ ਕਿਤੇ ਫਿਰ ਤੋਂ ਲਾਕਡਾਊਨ ਨਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਡੀ-ਮਾਰਟ ਵੱਲੋਂ ਵੀ ਹਰ ਚੀਜ਼ ਦੇ ਰੇਟਾਂ ਵਿਚ ਵਾਧਾ ਗਿਆ ਹੈ, ਜਿਹੜੀ ਚੀਜ਼ 110 ਵਿਚ ਮਿਲਦੀ ਸੀ ਉਹ 115 ਦੀ ਕਰ ਦਿੱਤੀ ਗਈ ਹੈ। ਉਥੇ ਹੀ ਇਕ ਟਾਂਡਾ ਤੋਂ ਇਕ ਮਹੀਨੇ ਦਾ ਰਾਸ਼ਨ ਲੈਣ ਆਏ ਵਿਅਕਤੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਾਹੌਲ ਖ਼ਰਾਬ ਹੋ ਚੁੱਕਾ ਹੈ। ਇਕ ਵਿਅਕਤੀ ਨੇ ਕਿਹਾ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਜੰਗ ਵਰਗੇ ਹਾਲਾਤ ਬਣਦੇ ਹਨ ਤਾਂ ਘਰ ਵਿਚ ਖਾਣ-ਪੀਣ ਲਈ ਜ਼ਰੂਰੀ ਸਾਮਾਨ ਤਾਂ ਹੋਣਾ ਚਾਹੀਦਾ ਹੈ।