ਤਰਨਤਾਰਨ – ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਬੀਐਸਐਫ ਵੱਲੋਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਪਾਸੋਂ 10 ਪੈਕੇਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਵੀ ਗੱਲ ਸੂਤਰਾਂ ਤੋਂ ਪਤਾ ਲੱਗੀ ਹੈ। ਹਾਲਾਂਕਿ ਇਸ ਸਬੰਧੀ ਬੀਐਸਐਫ ਵੱਲੋਂ ਕੋਈ ਵੀ ਅਧਿਕਾਰਿਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਪ੍ਰੰਤੂ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਪੁੱਛਗਿਛ ਜਾਰੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਨਜ਼ਦੀਕ ਮੌਜੂਦ ਖੇਮਕਰਨ ਸੈਕਟਰ ਅਧੀਨ ਆਉਂਦੀ ਚੌਂਕੀ ਹਰਭਜਨ ਵਿਖੇ ਤੜਕਸਾਰ ਬੀਐਸਐਫ ਦੀ 142 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਵਿਅਕਤੀ ਨੂੰ ਹਲਚਲ ਦੇ ਦੌਰਾਨ ਲਲਕਾਰਿਆ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਬੜੀ ਮੁਸਤੈਦੀ ਨਾਲ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।
ਇਸ ਦੌਰਾਨ ਬੀਐਸਐਫ ਵੱਲੋਂ ਸਬੰਧਿਤ ਪਾਕਿਸਤਾਨੀ ਨੌਜਵਾਨ ਜਿਸ ਦੀ ਪਹਿਚਾਨ ਅਬੂ ਬਕਰ (20) ਇਲੀਅਸ ਮੰਨੂ ਵਾਸੀ ਛਤਨਵਾਲ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ। ਜਿਸ ਪਾਸੋਂ 10 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੀਐਸਐਫ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ ਐਨਸੀਬੀ ਨਾਰਕੋਟਿਕ (ਬਿਊਰੋ ਆਫ ਕ੍ਰਾਈਮ) ਦੇ ਹਵਾਲੇ ਕੀਤਾ ਜਾ ਰਿਹਾ ਹੈ। ਜੋ ਅੱਗੇ ਇਸ ਸਬੰਧੀ ਜਾਂਚ ਕਰੇਗੀ।

