ਮੋਹਾਲੀ/ਮੋਗਾ : ਮੋਹਾਲੀ ‘ਚ ਸੀ. ਬੀ. ਆਈ. ਅਦਾਲਤ ਨੇ 18 ਸਾਲ ਪੁਰਾਣੇ ਮੋਗਾ ਸੈਕਸ ਰੈਕਟ ਮਾਮਲੇ ‘ਚ ਸਾਬਕਾ ਐੱਸ. ਐੱਸ. ਪੀ. (ਮੋਗਾ) ਦਵਿੰਦਰ ਸਿੰਘ ਗਰਚਾ, ਐੱਸ. ਪੀ. (ਹੈੱਡਕੁਆਟਰ) ਪਰਮਦੀਪ ਸਿੰਘ ਸੰਧੂ, ਤਤਕਾਲੀ ਐੱਸ. ਐੱਚ. ਓ. ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਐੱਸ. ਐੱਚ. ਓ. ਸਿਟੀ ਮੋਗਾ ਇੰਸਪੈਕਟਰ ਅਮਰਜੀਤ ਸਿੰਘ ਪੁਲਸ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਨਿਵਾਰਣ ਐਕਟ ਹੇਠ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ 4 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਕਰੇਗੀ। ਇਸ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਅਤੇ ਸੁਖਰਾਜ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ।
ਸਾਲ 2007 ਚ ਸਾਹਮਣੇ ਆਏ ਇਸ ਮੋਗਾ ਸੈਕਸ ਸਕੈਂਡਲ ਨੇ ਦੇਸ਼ ਪੱਧਰੀ ਸੁਰਖੀਆਂ ਬਣਾਈਆਂ ਸਨ ਕਿਉਂਕਿ ਇਸ ‘ਚ ਉਚੇ ਪੱਧਰ ਦੇ ਨੇਤਾਵਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਸੀ। ਇਹ ਅਧਿਕਾਰੀ ਅਮੀਰ ਨੌਜਵਾਨਾਂ ਨੂੰ ਵਿਸ਼ੇਸ਼ ਮਾਮਲੇ ‘ਚ ਫਸਾ ਕੇ ਉਨ੍ਹਾਂ ਤੋਂ ਬਲੈਕਮੇਲਿੰਗ ਰਾਹੀਂ ਵੱਡੀ ਰਕਮ ਵਸੂਲਦੇ ਸਨ। ਦੋਸ਼ੀ ਕਰਾਰ ਦਿੱਤੇ ਗਏ ਪੁਲਸ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ 2 ਔਰਤਾਂ ਦੇ ਬਿਆਨਾਂ ‘ਚੋਂ ਕੁੱਝ ਨਾਂ ਹਟਵਾਏ ਸਨ। ਇਸ ਮਾਮਲੇ ‘ਚ ਇੱਕ ਨਾਬਾਲਗ ਕੁੜੀ ਨੂੰ ਪਹਿਲਾਂ ਮੁਆਫ਼ੀ ਦੇ ਕੇ ਸਰਕਾਰੀ ਗਵਾਹ ਬਣਾਇਆ ਗਿਆ ਸੀ ਪਰ ਟ੍ਰਾਇਲ ਦੌਰਾਨ ਉਹ ਪਾਸਾ ਬਦਲ ਗਈ। ਦੂਜੀ ਮੁੱਖ ਗਵਾਹ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ। ਪਰਮਦੀਪ ਸਿੰਘ ਸੰਧੂ ਨੇ ਬਾਅਦ ‘ਚ ਏ. ਆਈ. ਜੀ. ਦੇ ਅਹੁਦੇ ‘ਤੇ ਤਾਇਨਾਤੀ ਹਾਸਲ ਕੀਤੀ ਅਤੇ ਫਿਰ ਪੈਨਸ਼ਨ ‘ਤੇ ਚਲੇ ਗਏ, ਜਦਕਿ ਇੰਸਪੈਕਟਰ ਅਮਰਜੀਤ ਸਿੰਘ ਅਤੇ ਸਬ-ਇੰਸਪੈਕਟਰ ਰਮਨ ਕੁਮਾਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।