ਇੰਟਰਨੈਸ਼ਨਲ – ਭਾਰਤ ਦੇ ਸਭ ਤੋਂ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਹੁਣ ਸੱਤ ਸਮੁੰਦਰ ਪਾਰ ਅਮਰੀਕਾ ਦੀ ਧਰਤੀ ‘ਤੇ ਵੀ ਆਪਣੀ ਦਹਿਸ਼ਤ ਦਾ ਸਬੂਤ ਦਿੱਤਾ ਹੈ। ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਹਰਿਆਣਾ ਦੇ ਰਹਿਣ ਵਾਲੇ ਗੈਂਗਸਟਰ ਭਾਨੂ ਰਾਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਜਾਣਕਾਰੀ ਅਨੁਸਾਰ ਭਾਨੂ ਰਾਣਾ ਕੈਲੀਫੋਰਨੀਆ ਵਿੱਚ ਲੁਕਿਆ ਹੋਇਆ ਸੀ, ਜਿੱਥੇ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਤੇ ਭਾਨੂ ਰਾਣਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਤੋਂ ਕੁਝ ਦੇਰ ਬਾਅਦ ਹੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਇੱਕ ਫੇਸਬੁੱਕ ਪੋਸਟ ਸਾਹਮਣੇ ਆਈ, ਜਿਸ ‘ਚ ਲਿਖਿਆ ਸੀ ਕਿ ਭਾਨੂ ਰਾਣਾ ਉਨ੍ਹਾਂ ਦੇ ਦੁਸ਼ਮਣ ਗੈਂਗਾਂ (ਬੰਬੀਹਾ ਗੈਂਗ) ਦੀ ਮਦਦ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ, ਜਿਸ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ ਹੈ। ਪੋਸਟ ਵਿੱਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ “ਜੋ ਵੀ ਸਾਡੇ ਖ਼ਿਲਾਫ਼ ਜਾਵੇਗਾ, ਉਸ ਦਾ ਹਾਲ ਇਹੀ ਹੋਵੇਗਾ।”
ਜ਼ਿਕਰਯੋਗ ਹੈ ਕਿ ਭਾਨੂ ਰਾਣਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਭਾਰਤ ਵਿੱਚ ਕਤਲ, ਫਿਰੌਤੀਆਂ ਸਣੇ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਹ ਫਰਜ਼ੀ ਪਾਸਪੋਰਟ ਰਾਹੀਂ ਅਮਰੀਕਾ ਫਰਾਰ ਹੋ ਗਿਆ ਸੀ। ਇਹ ਵਾਰਦਾਤ ਅਜਿਹੇ ਸਮੇਂ ਵਾਪਰੀ ਹੈ ਜਦੋਂ ਭਾਰਤ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ਾਂ ਵਿੱਚ ਫੈਲੇ ਨੈੱਟਵਰਕ ਨੂੰ ਤੋੜਨ ਲਈ ਅਮਰੀਕੀ ਅਤੇ ਕੈਨੇਡੀਅਨ ਏਜੰਸੀਆਂ ਨਾਲ ਤਾਲਮੇਲ ਕਰ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਇਹ ਗੈਂਗ ਲਗਾਤਾਰ ਵਿਦੇਸ਼ਾਂ ਵਿੱਚ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

