ਮੁੰਬਈ (ਬਿਊਰੋ) – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਦੇ ਸਹਿ-ਨਿਰਮਾਤਾ ‘ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ਼ਿਜ਼’ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਉਣ ਲਈ ਸਹਿਮਤ ਹੈ। ਜ਼ੀ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਕਿਹਾ ਕਿ ਸੈਂਸਰ ਬੋਰਡ ਵੱਲੋਂ ਸੁਝਾਏ ਗਏ ਦ੍ਰਿਸ਼ ਹਟਾਏ ਜਾਣਗੇ ਅਤੇ ਫ਼ਿਲਮ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਲਈ ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ (ਸੀਬੀਐੱਫਸੀ) ਕੋਲ ਪੇਸ਼ ਕੀਤਾ ਜਾਵੇਗਾ।
ਕੇਂਦਰੀ ਫ਼ਿਲਮ ਸਰਟੀਫਿਕੇਸ਼ਨ ਬੋਰਡ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੇ ਕਿਹਾ ਕਿ ਦ੍ਰਿਸ਼ ਹਟਾਉਣ ਮਗਰੋਂ ਫ਼ਿਲਮ ਪੇਸ਼ ਕੀਤੇ ਜਾਣ ’ਤੇ ਉਸ ਦੀ ਤਸਦੀਕ ਕੀਤੀ ਜਾਵੇਗੀ ਅਤੇ ਦੋ ਹਫ਼ਤਿਆਂ ’ਚ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਮਗਰੋਂ ਜਸਟਿਸ ਬੀਪੀ ਕੋਲਾਬਾਵਾਲਾ ਤੇ ਜਸਟਿਸ ਫਿਰਦੋਸ਼ ਪੂਨੀਵਾਲਾ ਦੇ ਬੈਂਚ ਨੇ ਜ਼ੀ ਐਂਟਰਟੇਨਮੈਂਟ ਦੀ ਪਟੀਸ਼ਨ ਦਾ ਨਿਬੇੜਾ ਕਰ ਦਿੱਤਾ।