ਬਾਬਾ ਬਕਾਲਾ ਸਾਹਿਬ : ਰਾਧਾ ਸੁਆਮੀ ਸਤਿਸੰਗ ਬਿਆਸ ਨਾਲ ਜੁੜੀਆ ਸੰਗਤਾਂ ਵੱਲੋਂ ਐਤਵਾਰ ਨੂੰ ਡੇਰਾ ਬਿਆਸ ਵਿਖੇ ਪੁੱਜ ਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਫਰਮਾਏ ਗਏ ਸਤਿਸੰਗ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਟੇਜ ‘ਤੇ ਬਿਰਾਜਮਾਨ ਰਹੇ। ਸਵਾਮੀ ਜੀ ਦੀ ਬਾਣੀ ‘ਚੋ ਲਏ ਗਏ ਸ਼ਬਦ ‘ਧੁੰਨ ਸੁਣ ਕਰ ਮਨ ਸਮਝਾਈ ‘ਤੇ ਵਿਆਖਿਆ ਕੀਤੀ ਗਈ ਅਤੇ ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਨਾਮ ਸ਼ਬਦ ਦੀ ਕਮਾਈ ਤੋਂ ਬਗੈਰ ਇਨਸਾਨ ਦੇ ਕਰਮਾਂ ਦੀ ਮੁਕਤੀ ਨਹੀਂ ਹੋ ਸਕਦੀ, ਭਾਵੇਂ ਉਹ ਲੱਖ ਯਤਨ ਕਰ ਲਵੇ। ਮਾਰਚ ਦੇ ਆਖਰੀ ਭੰਡਾਰੇ ਮੌਕੇ ਦੂਰ ਦੁਰੇਡੇ ਤੋਂ 10 ਲੱਖ ਦੇ ਕਰੀਬ ਸੰਗਤਾਂ ਡੇਰਾ ਬਿਆਸ ਪੁੱਜੀਆ, ਜਿਸ ਨਾਲ ਸਤਿਸੰਗ ਪੰਡਾਲ ਵੀ ਛੋਟਾ ਪੈ ਗਿਆ ਅਤੇ ਪਾਰਕਿੰਗਾਂ ਦੇ ਵੀ ਇਸ ਵਾਰ ਰਿਕਾਰਡ ਟੁੱਟ ਗਏ। ਸੇਵਾਦਾਰਾਂ ਨੂੰ ਆਰਜ਼ੀ ਪੰਡਾਲ ਦਾ ਇੰਤਜਾਮ ਕਰਨਾ ਪਿਆ।
ਮੋਟਰ ਕਾਰਾਂ ਦੀ ਪਾਰਕਿੰਗ ਪਹਿਲੀ ਵਾਰ ਫੁੱਲ ਦਿਖਾਈ ਦਿੱਤੀ ਅਤੇ ਪਾਰਕਿੰਗ ਤੋਂ ਬਾਹਰ ਵੀ ਗੱਡੀਆਂ ਨੂੰ ਆਰਜ਼ੀ ਪਾਰਕ ਕਰਨਾ ਪਿਆ। 10 ਹਜ਼ਾਰ ਤੋਂ ਵਧੇਰੇ ਸੇਵਾਦਾਰਾਂ ਵੱਲੋਂ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ, ਲੰਗਰ, ਕੰਟੀਨਾਂ, ਭੋਜਨ ਭੰਡਾਰ, ਸਫਾਈ ਆਦਿ ਦੀ ਬਾਮੁਸ਼ੱਕਤ ਤਿਆਰੀ ਕੀਤੀ ਗਈ ਅਤੇ ਬਾਖੂਬੀ ਨਾਲ ਸੇਵਾ ਨਿਭਾਈ ਗਈ। ਇਸੇ ਤਰ੍ਹਾਂ ਹੀ ਰੇਲਵੇ ਸਟੇਸ਼ਨ ਬਿਆਸ ‘ਤੇ ਵੀ ਟਰੇਨਾਂ ਰਾਹੀਂ ਜਾਣ ਵਾਲੀ ਸੰਗਤ ਲਈ ਵੀ ਡੇਰਾ ਬਿਆਸ ਦੇ ਸਟੇਸ਼ਨ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਬਾਖੂਬੀ ਨਿਭਾਈ ਗਈ। ਸਤਿਸੰਗ ਦੇ ਅਖੀਰ ਵਿਚ ਬਾਬਾ ਗੁਰਿੰਦਰ ਸਿੰਘ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਅਗਲਾ ਸਤਿਸੰਗ ਭੰਡਾਰਾ 4 ਮਈ ਨੂੰ ਹੋਵੇਗਾ, ਜਿਨ੍ਹਾਂ ਨੇ ਆਉਣਾ ਖੁਸ਼ੀ ਨਾਲ ਆ ਸਕਦੇ ਹਨ।