ਨੈਸ਼ਨਲ ਡੈਸਕ- ਸਤੰਬਰ ਮਹੀਨੇ ਦੀ ਸ਼ੁਰੂਆਤ ਇਸ ਵਾਰ ਭਾਰੀ ਮੀਂਹ ਨਾਲ ਹੋਈ ਹੈ, ਜਿਸ ਦੌਰਾਨ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਮੌਜਾਂ ਲੱਗ ਗਈਆਂ। ਬੱਚਿਆਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਲਈ ਵੀ ਇਹ ਮਹੀਨੇ ਖ਼ਾਸ ਹੈ, ਕਿਉਂਕਿ ਇਸ ਮਹੀਨੇ ਭਾਰੀ ਮੀਂਹ ਅਤੇ ਤਿਉਹਾਰਾਂ ਕਾਰਨ ਬਹੁਤ ਸਾਰੀਆਂ ਛੁੱਟੀਆਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਈ ਵੱਡੇ ਤਿਉਹਾਰਾਂ ਅਤੇ ਖੇਤਰੀ ਮੌਕਿਆਂ ਦੀਆਂ ਛੁੱਟੀਆਂ ਆਉਣ ਵਾਲੀਆਂ ਹਨ। ਇਸ ਦੌਰਾਨ ਬੈਂਕਾਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਰਹਿਣਗੀਆਂ। ਇਨ੍ਹਾਂ ਵਿੱਚ ਕਰਮ ਪੂਜਾ, ਓਨਮ, ਈਦ-ਏ-ਮਿਲਾਦ, ਇੰਦਰਜਾਤਰਾ, ਨਵਰਾਤਰੀ ਸਥਾਪਨਾ, ਦੁਰਗਾ ਪੂਜਾ ਅਤੇ ਮਹਾਰਾਜਾ ਹਰੀ ਸਿੰਘ ਜਯੰਤੀ ਵਰਗੇ ਮਹੱਤਵਪੂਰਨ ਮੌਕੇ ਸ਼ਾਮਲ ਹਨ। ਦੱਸਣਯੋਗ ਹੈ ਕਿ ਬੈਂਕ ਹਮੇਸ਼ਾ ਦੀ ਤਰ੍ਹਾਂ ਐਤਵਾਰ ਅਤੇ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੰਦ ਰਹਿਣਗੇ।
ਪੰਜਾਬ ਵਿਚ ਇਸ ਸਮੇਂ ਮੀਂਹ ਨੂੰ ਲੈ ਕੇ ਸਕੂਲ ਬੰਦ ਕਰ ਦਿੱਤੇ ਗਏ ਹਨ। ਪੰਜਾਬ ਵਿਚ ਸਤੰਬਰ ਦੇ ਮਹੀਨੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਛੁੱਟੀਆਂ ਦੀ ਲਿਸਟ ਵਿਚ ਕੁੱਲ੍ਹ 7 ਛੁੱਟੀਆਂ ਆ ਰਹੀਆਂ ਹਨ, ਜਿਸ ਵਿਚੋਂ ਇਕ ਛੁੱਟੀ ਗਜ਼ਟਿਡ ਹੋਵੇਗੀ, ਜਿਸ ਦਿਨ ਸਕੂਲ-ਕਾਲਜ ਬੰਦ ਰਹਿਣਗੇ ਅਤੇ ਬਾਕੀ 6 ਛੁੱਟੀਆਂ ਰਾਖਵੀਆਂ ਹੋਣਗੀਆਂ। ਇਸ ਦੇ ਇਲਾਵਾ 4 ਐਤਵਾਰ ਆ ਰਹੇ ਹਨ। 22 ਸਤੰਬਰ ਨੂੰ ਮਹਾਰਾਜ ਅਗਰਸੇਨ ਜਯੰਤੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜੋਕਿ ਸੋਮਵਾਰ ਨੂੰ ਆ ਰਹੀ ਹੈ ਅਤੇ ਇਸ ਦਿਨ ਪੰਜਾਬ ਵਿਚ ਸਾਰੇ ਸਕੂਲ-ਕਾਲਜ ਬੰਦ ਰਹਿਣਗੇ।