ਨੈਸ਼ਨਲ – ਬੰਬੇ ਹਾਈ ਕੋਰਟ ਨੇ ਸੋਮਵਾਰ ਨੂੰ 2006 ‘ਚ ਹੋਏ ਮੁੰਬਈ ਰੇਲ ਧਮਾਕੇ ਦੇ ਮਾਮਲੇ ਵਿੱਚ 12 ਵਿਅਕਤੀਆਂ ਦੀ ਸਜ਼ਾ ਰੱਦ ਕਰ ਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਉਨ੍ਹਾਂ ਖ਼ਿਲਾਫ਼ ਕੇਸ ਸਾਬਤ ਕਰਨ ਵਿੱਚ “ਪੂਰੀ ਤਰ੍ਹਾਂ ਅਸਫਲ” ਰਿਹਾ ਹੈ।
ਇਹ ਫੈਸਲਾ ਅੱਤਵਾਦੀ ਹਮਲੇ ਦੇ 19 ਸਾਲ ਬਾਅਦ ਆਇਆ ਹੈ ਜਿਸ ਨੇ ਸ਼ਹਿਰ ਦੇ ਪੱਛਮੀ ਰੇਲਵੇ ਨੈੱਟਵਰਕ ਨੂੰ ਹਿਲਾ ਦਿੱਤਾ ਸੀ ਤੇ ਇਸ ਦੌਰਾਨ 180 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਕਈ ਹੋਰ ਜ਼ਖਮੀ ਹੋ ਗਏ ਸਨ ਜਸਟਿਸ ਅਨਿਲ ਕਿਲੋਰ ਅਤੇ ਸ਼ਿਆਮ ਚੰਦਕ ਦੀ ਇੱਕ ਸਪੈਸ਼ਲ ਬੈਂਚ ਨੇ ਕਿਹਾ ਕਿ ਇਸਤਗਾਸਾ ਪੱਖ ਦੁਆਰਾ ਪੇਸ਼ ਕੀਤੇ ਗਏ ਸਬੂਤ ਦੋਸ਼ੀ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਣ ਲਈ ਨਾਕਾਫ਼ੀ ਸਾਬਿਤ ਹੋਏ।
ਹਾਈ ਕੋਰਟ ਨੇ ਕਿਹਾ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਕੇਸ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਬਿਨਾਂ ਠੋਸ ਸਬੂਤਾਂ ਤੋਂ ਇਹ ਮੰਨਣਾ ਔਖਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਅਪਰਾਧ ਕੀਤਾ ਹੈ। ਇਸ ਲਈ ਉਨ੍ਹਾਂ ਦੀ ਸਜ਼ਾ ਰੱਦ ਕੀਤੀ ਜਾਂਦੀ ਹੈ। ਬੈਂਚ ਨੇ ਕਿਹਾ ਕਿ ਉਹ 5 ਮੁਲਜ਼ਮਾਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਅਤੇ ਬਾਕੀ 7 ਨੂੰ ਉਮਰ ਕੈਦ ਦੀ ਸਜ਼ਾ ਦੀ ਨੂੰ ਰੱਦ ਕਰਦੀ ਹੈ ਤੇ ਉਨ੍ਹਾਂ ਨੂੰ ਬਰੀ ਕੀਤਾ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਜੇਕਰ ਇਹ ਮੁਲਜ਼ਮ ਕਿਸੇ ਹੋਰ ਮਾਮਲੇ ਵਿੱਚ ਲੋੜੀਂਦੇ ਨਹੀਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇ।
ਇਸ ਤੋਂ ਪਹਿਲਾਂ 2015 ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ ਵਿੱਚ 12 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ਵਿੱਚੋਂ 5 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਬਾਕੀ 7 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਮਗਰੋਂ ਇਹ ਮਾਮਲਾ ਹਾਈ ਕੋਰਟ ‘ਚ ਪਹੁੰਚਿਆ, ਜਿੱਥੇ ਅੱਜ ਅਦਾਲਤ ਨੇ ਇਨ੍ਹਾਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ।