ਇੰਟਰਨੈਸ਼ਨਲ — ਇਕ ਪਾਸੇ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ ਉੱਥੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬਾਰਾਹ ਕਲਾਂ ਪਿੰਡ ਤੋਂ ਡੰਕੀ ਰੂਟ ਰਾਹੀਂ ਅਮਰੀਕਾ ਗਏ 26 ਸਾਲਾ ਨੌਜਵਾਨ ਕਪਿਲ ਦਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਪਿਲ ਕਰੀਬ ਢਾਈ ਸਾਲ ਪਹਿਲਾਂ ਡੌਂਕੀ ਰੂਟ ਰਾਹੀਂ 45 ਲੱਖ ਰੁਪਏ ਖਰਚ ਕਰ ਕੇ ਅਮਰੀਕਾ ਪਹੁੰਚਿਆ, ਜਿੱਥੇ ਉਹ ਇੱਕ ਸਟੋਰ ‘ਚ ਕੰਮ ਕਰਦਾ ਸੀ। ਕਪਿਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਕਿਸਾਨ ਹੈ ਅਤੇ ਪਰਿਵਾਰ ਕੋਲ ਲਗਭਗ ਦੋ ਏਕੜ ਜ਼ਮੀਨ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਦਿਨ ਇੱਕ ਕਾਲੇ ਰੰਗ ਦਾ ਮੂਲ ਅਮਰੀਕੀ ਨੌਜਵਾਨ ਉਸ ਜਗ੍ਹਾ ‘ਤੇ ਆਇਆ, ਜਿੱਥੇ ਕਪਿਲ ਕੰਮ ਕਰਦਾ ਸੀ। ਉਸ ਨੇ ਆਉਂਦਿਆਂ ਹੀ ਖੁੱਲ੍ਹੇ ਵਿੱਚ ਹੀ ਬਾਥਰੂਮ ਕਰ ਦਿੱਤਾ। ਕਪਿਲ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ ਮਗਰੋਂ ਦੋਵਾਂ ਵਿਚਾਲੇ ਬਹਿਸ ਹੋ ਗਈ। ਇਹ ਝਗੜਾ ਇੰਨਾ ਵਧ ਗਿਆ ਕਿ ਨੌਜਵਾਨ ਨੇ ਕਪਿਲ ‘ਤੇ ਕਈ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਪਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰ ਉੱਥੋਂ ਫਰਾਰ ਗਿਆ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਕਪਿਲ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹੁਣ ਪਰਿਵਾਰ ਲਈ ਸਭ ਤੋਂ ਵੱਡੀ ਚਿੰਤਾ ਕਪਿਲ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਵਿੱਚ ਘੱਟੋ-ਘੱਟ 15 ਦਿਨ ਲੱਗ ਸਕਦੇ ਹਨ ਤੇ ਇਸ ਤੋਂ ਬਾਅਦ ਹੀ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣਗੀਆਂ।

