ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਫਾਜ਼ਿਲਕਾ ਪੁਲਿਸ ਵੱਲੋਂ ਲਗਾਤਾਰ ਸ਼ਰਾਬ ਤੇ ਨਸ਼ਾ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਖੂਈਆਂ ਸਰਵਰ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਚਲਾਇਆ ਅਤੇ ਰਾਜਸਥਾਨ ਹੱਦ ਦੇ ਨਾਲ ਲੱਗਦੀ ਗੰਗ ਕੈਨਾਲ ਅਤੇ ਆਸਪਾਸ ਦੇ ਏਰੀਆ ਵਿੱਚੋਂ 50 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ।
ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਨੂੰ ਰਾਜਸਥਾਨ ਅਤੇ ਪੰਜਾਬ ਦੀ ਹੱਦ ਨਾਲ ਲੱਗਦੀ ਗੰਗ ਕੈਨਾਲ ਅਤੇ ਆਲੇ-ਦੁਆਲੇ ਦੇ ਏਰੀਆ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕਰਨ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਰਮਨ ਕੁਮਾਰ ਦੀ ਅਗਵਾਈ ਹੇਠ ਸਰਚ ਅਭਿਆਨ ਚਲਾਇਆ। ਤਲਾਸ਼ੀ ਦੌਰਾਨ ਪੁਲਿਸ ਨੂੰ ਕੱਚੀ ਲਾਹਨ ਮਿਲੀ ਜੋ ਕਿ ਸੜਕ ਦੇ ਨਾਲ ਖੱਡੇ ਬਣਾ ਕੇ ਲੋਹੇ ਦੇ ਡਰੰਮਾਂ ਵਿੱਚ ਭਰ ਕੇ ਲੁਕਾਈ ਗਈ ਸੀ। ਕਰੀਬ 50 ਹਜ਼ਾਰ ਲੀਟਰ ਲਾਹਣ ਨੂੰ ਐਕਸਾਈਜ਼ ਇੰਸਪੈਕਟਰ ਦੀ ਹਾਜ਼ਰੀ ਵਿੱਚ ਨਸ਼ਟ ਕੀਤਾ ਗਿਆ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।