ਗੁਰਦਾਸਪੁਰ – ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਹਰਜਿੰਦਰ ਸਿੰਘ ਬੇਦੀ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ’ਚ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਪਾਬੰਧੀਆਂ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਆਪਣੇ ਪਸ਼ੂਆਂ ਨੂੰ ਸ਼ਰੇਆਮ ਸੜਕਾਂ ’ਤੇ ਜਾਂ ਜਨਤਕ ਥਾਵਾਂ ’ਤੇ ਚਰਾਉਣ ਲਈ ਲੈ ਕੇ ਨਹੀਂ ਜਾਣਗੇ ਅਤੇ ਨਾ ਹੀ ਪਸ਼ੂਆਂ ਨੂੰ ਅਵਾਰਾ ਛੱਡਣਗੇ। ਇਸ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਜਾਂ ਇਸ ਦੇ ਪਿੰਡਾਂ ਜਾਂ ਕਸਬਿਆਂ ਵਿੱਚ ਬਾਹਰ ਤੋਂ ਆ ਕੇ ਆਰਜ਼ੀ ਤੌਰ ’ਤੇ ਰਹਿ ਰਹੇ ਜਾਂ ਕਾਰੋਬਾਰ ਕਰਦੇ ਪਰਿਵਾਰਾਂ ਦੇ ਮੁਖੀ ਜਾਂ ਹੋਰ ਪੁਰਸ਼ ਅਤੇ ਔਰਤਾਂ ਆਪ ਦੇ ਰਿਹਾਇਸ਼ੀ ਜਾਂ ਨਜ਼ਦੀਕੀ ਥਾਣੇ ਵਿੱਚ ਇਸ ਸਬੰਧੀ ਲੋੜੀਂਦੀ ਸੂਚਨਾ ਤੁਰੰਤ ਦੇਣਗੇ।
ਇਸ ਤੋਂ ਇਲਾਵਾ ਕੋਈ ਬਾਹਰਲੇ ਜ਼ਿਲ੍ਹੇ ਦਾ ਵਾਸੀ ਉਨ੍ਹਾਂ ਪਾਸ ਮਿਲਣ ਆਵੇ ਜਾਂ ਉਨ੍ਹਾਂ ਪਾਸ ਠਹਿਰੇ ਤਾਂ ਇਸ ਬਾਰੇ ਵੀ ਲੋੜੀਂਦੀ ਸੂਚਨਾ ਤੁਰੰਤ ਨਜ਼ਦੀਕੀ ਥਾਣੇ ਵਿੱਚ ਦੇਣਗੇ। ਉਨ੍ਹਾਂ ਲਈ ਸੂਚਨਾ ਦੇਣਾ ਇਸ ਹੁਕਮ ਦੇ ਲਾਗੂ ਹੋਣ ਤੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਲਾਜ਼ਮੀ ਹੋਵੇਗਾ। ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ/ ਸੋਸ਼ਲ ਮੀਡੀਆ ਰਾਹੀਂ ਪ੍ਰਦਰਸ਼ਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਪੂਰਨ ਪਾਬੰਦੀ ਹੋਵੇਗੀ, ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ’ਤੇ ਵੀ ਪਾਬੰਦੀ ਲਾਗੂ ਹੋਵੇਗੀ।