ਨਵੀਂ ਦਿੱਲੀ/ਚੰਡੀਗੜ੍ਹ ਪੰਜਾਬ ਵਾਸੀਆਂ ਲਈ ਖ਼ੁਸ਼ੀ ਭਰੀ ਖ਼ਬਰ ਹੈ। ਦਰਅਸਲ ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਓਡਿਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ’ਚ ਕੁੱਲ 4594 ਕਰੋੜ ਰੁਪਏ ਦੇ ਨਿਵੇਸ਼ ਨਾਲ 4 ਸੈਮੀਕੰਡਕਟਰ ਪਲਾਂਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਤਹਿਤ ਮੋਹਾਲੀ ’ਚ ਸੈਂਕੜੇ ਕਰੋੜ ਰੁਪਏ ਦੇ ਸੈਮੀਕੰਡਕਟਰ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਨਾ ਸਿਰਫ ਪੰਜਾਬ ਲਈ, ਸਗੋਂ ਪੂਰੇ ਦੇਸ਼ ਲਈ ਵਿਕਾਸ ਦਾ ਵੱਡਾ ਪੜਾਅ ਹੈ।ਇਸ ਬਾਰੇ ਗੱਲ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਮੋਹਾਲੀ ’ਚ ਲੱਗਣ ਵਾਲੇ ਇਸ ਪ੍ਰਾਜੈਕਟ ਅਧੀਨ ਹਰ ਸਾਲ ਤਕਰੀਬਨ 158 ਮਿਲੀਅਨ ਯੂਨਿਟਸ ਸੈਮੀਕੰਡਕਟਰ ਤਿਆਰ ਹੋਣਗੇ, ਜੋ ਕਿ ਆਟੋਮੋਬਾਇਲ, ਡਿਫੈਂਸ, ਸੋਲਰ ਐਨਰਜੀ ਸਮੇਤ ਕਈ ਖੇਤਰਾਂ ਵਿੱਚ ਵਰਤੇ ਜਾਣਗੇ।ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੋਹਾਲੀ ’ਚ ਸੈਮੀਕੰਡਕਟਰ ਉਦਯੋਗ ਆਉਣ ਨਾਲ ਪੰਜਾਬ ’ਚ ਸਥਾਨਕ ਰੁਜ਼ਗਾਰ ਦੇ ਮੌਕੇ ਬਣਨਗੇ, ਛੋਟੇ ਅਤੇ ਵੱਡੇ ਪੱਧਰ ‘ਤੇ ਨਿਵੇਸ਼ ਵਧੇਗਾ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਖ਼ਾਸ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਜਦੋਂ ਇਹ ਇੰਡਸਟਰੀ ਕਾਮਯਾਬ ਹੋ ਜਾਵੇਗੀ ਤਾਂ ਹੋਰ ਵੀ ਵੱਡੇ ਪ੍ਰਾਜੈਕਟ ਪੰਜਾਬ ’ਚ ਆਉਣਗੇ। ਉਹ ਉਮੀਦ ਕਰਦੇ ਹਨ ਕਿ ਇਸੇ ਤਰ੍ਹਾਂ ਭਵਿੱਖ ’ਚ ਵੀ ਪੰਜਾਬ ਨੂੰ ਅਜਿਹੇ ਵੱਡੇ ਵਿਕਾਸੀ ਪ੍ਰਾਜੈਕਟ ਮਿਲਦੇ ਰਹਿਣਗੇ।