ਚੰਡੀਗੜ੍ਹ : ਪੰਜਾਬ ‘ਚ 52 ਕਿਰਤ ਇੰਸਪੈਕਟਰਾਂ ਦੀਆਂ ਭਰਤੀਆਂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਪੰਜਾਬ ਵਿਧਾਨ ਸਭਾ ‘ਚ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਰਤ ਇੰਸਪੈਕਟਰਾਂ ਨੂੰ ਲੈ ਕੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਕਿਰਤ ਇੰਸਪੈਕਟਰਾਂ ਦੀਆਂ 95 ਅਸਾਮੀਆਂ ਹਨ, ਜਿਨ੍ਹਾਂ ‘ਚੋਂ 35 ਕੰਮ ਕਰ ਰਹੇ ਹਨ।
ਇਸ ਕਾਰਨ ਉਕਤ ਇੰਸਪੈਕਟਰਾਂ ਵਲੋਂ ਹਰੇਕ ਸਰਕਲ ‘ਚ ਕੰਮ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਬੁਢਲਾਡਾ ‘ਚ ਕਿਰਤ ਇੰਸਪੈਕਟਰ ਇਕ ਦਿਨ ਲਈ ਆਉਂਦਾ ਹੈ ਅਤੇ ਉਸ ਦਿਨ ਕਿਰਤ ਇੰਸਪੈਕਟਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਮਲੇ ਦੀ ਘਾਟ ਹੈ ਤਾਂ ਡੀ. ਸੀ. ਦਫ਼ਤਰਾਂ ਕੋਲ ਕਾਫੀ ਕਲਰਕ ਹਨ ਤਾਂ ਇਸ ਕੰਮ ਲਈ 2-3 ਕਲਰਕਾਂ ਨੂੰ ਲਾਇਆ ਜਾ ਸਕਦਾ ਹੈ।
ਇਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਜਲਦੀ 52 ਇੰਸਪੈਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 9-03-25 ਨੂੰ ਪੇਪਰ ਹੋ ਚੁੱਕਾ ਹੈ ਅਤੇ ਨੌਜਵਾਨ ਟੈਸਟ ਕਲੀਅਰ ਕਰ ਚੁੱਕੇ ਹਨ। ਵਿਭਾਗ ‘ਚ ਕਿਰਤ ਇੰਸਪੈਕਟਰਾਂ ਦੀ ਜਿਹੜੀ ਘਾਟ ਹੈ, ਇਸ ਨੂੰ ਜਲਦੀ ਹੀ ਪੂਰਾ ਕਰ ਦਿੱਤਾ ਜਾਵੇਗਾ।